ਲੁਧਿਆਣਾ (ਰਾਘਵ): ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਭਾਜਪਾ ਦੇ ਸਾਬਕਾ ਵਿਧਾਇਕ ਮਰਹੂਮ ਹਰੀਸ਼ ਬੇਦੀ ਦੇ ਪੁੱਤਰ ਹਿਤੇਸ਼ ਬੇਦੀ (ਹਨੀ) ਖਿਲਾਫ਼ ਮਾਮਲਾ ਦਰਜ ਕੀਤਾ ਹੈ। ਹਿਤੇਸ਼ ਬੇਦੀ ‘ਤੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਨ੍ਹਾਂ ਨੇ ਵੋਟ ਪਾਉਣ ਸਮੇਂ ਈਵੀਐਮ ਮਸ਼ੀਨ ਦੀ ਫੋਟੋ ਖਿੱਚੀ। ਇਸ ਤੋਂ ਬਾਅਦ ਉਸ ਨੇ ਇਸ ਨੂੰ ਸੋਸ਼ਲ ਮੀਡੀਆ ਫੇਸਬੁੱਕ ‘ਤੇ ਅਪਲੋਡ ਕਰ ਦਿੱਤਾ। ਅਜਿਹਾ ਕਰਕੇ ਹਿਤੇਸ਼ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਅਣਦੇਖੀ ਕੀਤੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਗੋਤਮ ਭਸੀਨ ਅਤੇ ਗਗਨਦੀਪ ਖ਼ਿਲਾਫ਼ ਚੋਣ ਕਮਿਸ਼ਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਦੋਨਾਂ ਨੇ ਆਪਣੇ ਮੋਬਾਈਲ ਰਾਹੀਂ ਵੋਟਿੰਗ ਮਸ਼ੀਨ ਦੀ ਵੀਡੀਓ ਬਣਾ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਦੋਵਾਂ ਮੁਲਜ਼ਮਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ।
ਦੂਜੇ ਪਾਸੇ ਟਿੱਬਾ ਥਾਣੇ ਦੀ ਪੁਲੀਸ ਨੇ ਵੀ ਪ੍ਰੀਜ਼ਾਈਡਿੰਗ ਅਫ਼ਸਰ ਅਮਿਤ ਕੁਮਾਰ ਦੇ ਬਿਆਨਾਂ ’ਤੇ ਵੋਟਿੰਗ ਕਰਦੇ ਸਮੇਂ ਵੀਡੀਓ ਬਣਾਉਣ ਦੇ ਦੋਸ਼ ‘ਚ ਕੇਸ ਦਰਜ ਕਰ ਲਿਆ ਹੈ। ਦੋਸ਼ੀ ਮਨੀਸ਼ ਵਰਮਾ ਵਾਸੀ ਨਿਊ ਸ਼ਕਤੀ ਨਗਰ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ।