ਅੰਮ੍ਰਿਤਸਰ (ਮਨਮੀਤ ਕੌਰ) – ਲੋਕ ਸਭਾ ਚੋਣਾਂ ਦਾ ਆਖਰੀ ਪੜਾਅ 1 ਜੂਨ ਨੂੰ ਹੋ ਰਿਹਾ ਹੈ, ਜਿਸ ‘ਚ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ ਕੁੱਲ 904 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ‘ਚ PM ਮੋਦੀ, ਅਦਾਕਾਰਾ ਕੰਗਨਾ ਰਣੌਤ, ਪੰਜਾਬ ਦੇ ਸਾਬਕਾ CM ਚਰਨਜੀਤ ਸਿੰਘ ਚੰਨੀ, ਅਨੁਰਾਗ ਠਾਕੁਰ, ਮਨੀਸ਼ ਤਿਵਾੜੀ, ਹਰਸਿਮਰਤ ਕੌਰ ਬਾਦਲ, ਅਭਿਸ਼ੇਕ ਬੈਨਰਜੀ, ਅਫਜ਼ਾਲ ਅੰਸਾਰੀ, ਰਵੀਸ਼ੰਕਰ ਪ੍ਰਸਾਦ, ਪਵਨ ਸਿੰਘ, ਰਵੀ ਕਿਸ਼ਨ, ਮੀਸਾ ਭਾਰਤੀ ਆਦਿ ਸਮੇਤ ਕਈ ਹਸਤੀਆਂ ਸ਼ਾਮਲ ਹਨ।
ਜ਼ਿਕਰਯੋਗ, ਚੋਣ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਹੁਣ ਤੱਕ ਦੇਸ਼ ਭਰ ਦੀਆਂ 486 ਸੀਟਾਂ ‘ਤੇ ਪਹਿਲੇ 6 ਪੜਾਵਾਂ ‘ਚ ਵੋਟਿੰਗ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ 7ਵੇਂ ਪੜਾਅ ‘ਚ ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋਣੀ ਹੈ, ਉਨ੍ਹਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ 1, ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਲੋਕ ਸਭਾ ਸੀਟਾਂ ਸ਼ਾਮਲ ਹਨ।