ਫਰੀਦਾਬਾਦ (ਹਰਮੀਤ): ਹਰਿਆਣਾ ਦੇ ਫਰੀਦਾਬਾਦ ਸੈਕਟਰ 37 ‘ਚ ਰਾਤ ਸਮੇਂ ਇਕ ਵਪਾਰੀ ਅਤੇ ਉਸ ਦੇ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕਰਨ ਲਈ ਆਪਣੇ ਹੱਥਾਂ ਦੀਆਂ ਨਸਾਂ ਕੱਟ ਦਿੱਤੀਆਂ। ਇਸ ਕਾਰਨ ਬਹੁਤ ਖੂਨ ਵਹਿਣ ਕਾਰਨ ਰਾਤ ਨੂੰ ਹੀ 2 ਔਰਤਾਂ ਸਮੇਤ ਸਾਰੇ 6 ਲੋਕਾਂ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜ਼ੇਰੇ ਇਲਾਜ ਘਰ ਦੇ ਮੁਖੀਆਂ ਕਾਰੋਬਾਰੀ ਸ਼ਿਆਮ ਗੋਇਲ (70) ਦੀ ਮੌਤ ਹੋ ਗਈ। ਬਾਕੀ 5 ਮੈਂਬਰਾਂ ਦਾ ਅਜੇ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੇ ਸੈਕਟਰ 37 ’ਚ ਡੀਏਵੀ ਸਕੂਲ ਦੇ ਸਾਹਮਣੇ ਰਹਿਣ ਵਾਲੇ ਸ਼ਿਆਮ ਸੁੰਦਰ ਦਾ ਚਾਂਦਨੀ ਚੌਕ ’ਚ ਦੇਸੀ ਘਿਓ ਦਾ ਕਾਰੋਬਾਰ ਹੈ। ਕਰਜ਼ਾ ਵਸੂਲਣ ਲਈ ਅੱਧੀ ਰਾਤ ਨੂੰ ਕੁਝ ਲੋਕ ਉਸ ਦੇ ਘਰ ਪੁੱਜੇ। ਇਸ ਦੌਰਾਨ ਵਸੂੱਲੀ ਕਰਨ ਵਾਲੇ ਵਪਾਰੀ ਦੇ ਗਾਰਡ ਨੂੰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਹੱਥਾਂ ਦੀਆਂ ਨਸਾਂ ਕੱਟ ਲਈਆਂ। ਇਸ ਵਿੱਚ ਪਰਿਵਾਰ ਦੇ ਮੁਖੀ 70 ਸਾਲਾ ਸ਼ਿਆਮ ਗੋਇਲ ਦੀ ਮੌਤ ਹੋ ਗਈ। ਗਾਰਡ ਨੂੰ ਬਾਅਦ ’ਚ ਦਿੱਲੀ ਵਿੱਚ ਛੱਡ ਦਿੱਤਾ ਗਿਆ।
ਪਰਿਵਾਰ ਦੇ 5 ਹੋਰ ਮੈਂਬਰ ਸਾਧਨਾ ਗੋਇਲ (67), ਅਨਿਰੁਧ ਗੋਇਲ (45), ਨਿਧੀ ਗੋਇਲ (42), ਧਨੰਜੈ ਗੋਇਲ (19), ਹਿਮਾਂਕ ਗੋਇਲ (15) ਸੈਕਟਰ 21 ਸਥਿਤ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਪੁਲਿਸ ਨੇ ਸ਼ਿਆਮ ਸੁੰਦਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬੀਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕਰੇਗੀ।