ਪੁਣੇ (ਸਾਹਿਬ): ਪੁਲਸ ਨੇ ਸ਼ਹਿਰ ਦੀ ਇਕ ਕਥਿਤ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ (ਬੀਪੀਓ) ਇਕਾਈ ‘ਤੇ ਮਹਾਦੇਵ ਸੱਟੇਬਾਜ਼ੀ ਐਪ ਲਈ ਭੁਗਤਾਨ ਪ੍ਰਕਿਰਿਆ ਦੇ ਸਬੰਧ ‘ਚ 2 ਵਿਅਕਤੀਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਵਿੱਚ 24 ਸਾਲਾ ਰਿਤਵਿਕ ਕੋਠਾਰੀ ਅਤੇ 28 ਸਾਲਾ ਰਾਜ ਬੋਕਾਰੀਆ ਸ਼ਾਮਲ ਹਨ, ਜੋ ਫਿਲਹਾਲ ਫਰਾਰ ਹਨ।
- ਦੱਸ ਦੇਈਏ ਕਿ ਬੁੱਧਵਾਰ ਨੂੰ ਪੁਲਿਸ ਨੇ ਨਰਾਇਣਗਾਂਵ ਸਥਿਤ ਤਿੰਨ ਮੰਜ਼ਿਲਾ ਇਮਾਰਤ ਵਿੱਚ ਚੱਲ ਰਹੀ ਇਸ ਬੀਪੀਓ ਯੂਨਿਟ ਵਿੱਚ ਛਾਪਾ ਮਾਰਿਆ। ਇੱਥੇ ਮਹਾਦੇਵ ਸੱਟੇਬਾਜ਼ੀ ਐਪ ਲਈ ਭੁਗਤਾਨ ਦੀ ਪ੍ਰਕਿਰਿਆ ਹੋ ਰਹੀ ਸੀ। ਇਸ ਦੌਰਾਨ ਪੁਲਿਸ ਨੇ ਕੁੱਲ 96 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਣੇ ਗ੍ਰਾਮੀਣ ਪੁਲਿਸ ਦੇ ਐਸਪੀ ਪੰਕਜ ਦੇਸ਼ਮੁਖ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
- ਦੇਸ਼ਮੁਖ ਨੇ ਕਿਹਾ ਕਿ ਇਹ ਬੀਪੀਓ ਯੂਨਿਟ ਮਹਾਦੇਵ ਸੱਟੇਬਾਜ਼ੀ ਐਪ ਸਮੇਤ ਵੱਖ-ਵੱਖ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਲਈ ਭੁਗਤਾਨ ਪ੍ਰਕਿਰਿਆ ਕਰ ਰਹੀ ਸੀ। ਇਸ ਮਾਮਲੇ ‘ਚ ਪੁਲਿਸ ਵੱਲੋਂ ਫ਼ਰਾਰ ਹੋਏ ਦੋਨਾਂ ਵਿਅਕਤੀਆਂ ਦੀ ਭਾਲ ਲਈ ਹੋਰ ਸਰਗਰਮੀ ਕੀਤੀ ਜਾ ਰਹੀ ਹੈ। ਦੋਵਾਂ ਵਿਅਕਤੀਆਂ ਵਿਰੁੱਧ ਜਾਰੀ ਲੁੱਕ ਆਊਟ ਨੋਟਿਸ ਦਾ ਮੁੱਖ ਮੰਤਵ ਯਾਤਰਾ ਦੌਰਾਨ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਉਣਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਵਿਅਕਤੀ ਇਸ ਗੈਰ-ਕਾਨੂੰਨੀ ਧੰਦੇ ਦੇ ਮੁੱਖ ਸੰਚਾਲਕਾਂ ਵਿੱਚੋਂ ਇੱਕ ਹਨ।