ਰਈਆ (ਸਾਹਿਬ): ਇੱਥੇ ਅੱਜ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਸੁਧਾਰ ਰਾਜਪੂਤਾਂ ਵਿੱਚ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਘਿਰਾਓ ਕੀਤਾ ਗਿਆ। ਬਾਅਦ ਦੁਪਹਿਰ ਮਨਜੀਤ ਸਿੰਘ ਮੰਨਾ ਵੱਲੋਂ ਪਿੰਡ ਸੁਧਾਰ ਰਾਜਪੂਤਾਂ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾਰਕੁਨਾਂ ਨੂੰ ਭਿਣਕ ਪੈਣ ’ਤੇ ਕਿਸਾਨ ਮਜ਼ਦੂਰ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਬੰਧਤ ਥਾਂ ਪੁੱਜੇ।
- ਇਸ ਦੌਰਾਨ ਵਧੇਰੇ ਗਿਣਤੀ ਵਿੱਚ ਤਾਇਨਾਤ ਪੁਲੀਸ ਕਰਮਚਾਰੀਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋ ਰੋਕਿਆ ਅਤੇ ਰੱਸੇ ਲਗਾ ਕੇ ਭਾਜਪਾ ਉਮੀਦਵਾਰ ਨੂੰ ਘਿਰਾਓ ਵਿੱਚੋਂ ਬਾਹਰ ਕੱਢਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ਕਲੇਰ ਬਾਲਾ, ਚਰਨ ਸਿੰਘ ਕਲੇਰ ਘੁਮਾਣੀ ਦੀ ਅਗਵਾਈ ਹੇਠ ਭਾਜਪਾ ਆਗੂ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਰੁਮਾਣਾਚੱਕ ਨੇ ਦੱਸਿਆ ਕਿ ਭਾਰੀ ਪੁਲੀਸ ਫੋਰਸ ਸਮੇਤ ਜਦੋਂ ਮੰਨਾ ਦਾ ਕਾਫ਼ਲਾ ਪਿੰਡ ਕੋਲ ਪੁੱਜਿਆ ਤਾਂ ਕਿਸਾਨਾਂ ਮਜ਼ਦੂਰਾਂ ਨੇ ਸੜਕ ਕੰਢੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਸਵਾਲ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਦਾ ਕਾਫ਼ਲਾ ਤੇਜ਼ੀ ਨਾਲ ਅੱਗੇ ਨਿਕਲ ਗਿਆ।
- ਇਸ ਪਿੱਛੋਂ ਕਿਸਾਨ ਆਗੂਆਂ ਨੇ ਉੱਥੇ ਮੌਜੂਦ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਨਾ ਉਨ੍ਹਾਂ ਦੇ ਸਵਾਲਾਂ ’ਤੇ ਚਰਚਾ ਨਹੀਂ ਕਰਦੇ ਤਾਂ ਘਿਰਾਓ ਕਰਕੇ ਸਵਾਲ ਕੀਤੇ ਜਾਣਗੇ। ਇਸ ’ਤੇ ਪੁਲੀਸ ਅਧਿਕਾਰੀ ਮੰਨਾ ਨਾਲ ਗੱਲ ਕਰਨ ਗਿਆ ਪਰ ਉਸ ਨੇ ਵਾਪਸ ਆ ਕੇ ਕੋਈ ਸਾਕਾਰਾਤਮਕ ਜਵਾਬ ਨਹੀਂ ਦਿੱਤਾ। ਕਿਸਾਨ ਚੱਲਦੇ ਪ੍ਰੋਗਰਾਮ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਾਉਣ ਦੀ ਥਾਂ ਸ਼ਾਂਤਮਈ ਤਰੀਕੇ ਨਾਲ ਪਿੰਡ ਦੇ ਬਾਹਰ ਮੰਨਾ ਦੀ ਉਡੀਕ ਕਰਨ ਲੱਗੇ।
- ਇਸ ਪਿੱਛੋਂ ਮੰਨਾ ਪੁਲੀਸ ਮੁਲਾਜ਼ਮਾਂ ਦੀ ਛਤਰੀ ਹੇਠ ਕਿਸਾਨਾਂ ਮਜ਼ਦੂਰਾਂ ਤੋਂ ਬਚਦੇ ਹੋਏ ਪਿੰਡ ਦੀਆਂ ਅੰਦਰੂਨੀ ਗਲੀਆਂ ਵਿੱਚੋਂ ਆਪਣਾ ਕਾਫ਼ਲਾ ਭਜਾ ਕੇ ਚਲੇ ਗਏ। ਇਸ ਦੌਰਾਨ ਕਿਸਾਨਾਂ ਨੇ ਮੰਨਾ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।