ਨਵੀਂ ਦਿੱਲੀ (ਸਾਹਿਬ) : ਦੇਸ਼ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ 19 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਹੋਣ ਜਾ ਰਹੀ ਹੈ। ਇਸ ਦੇ ਲਈ 102 ਸੀਟਾਂ ‘ਤੇ ਚੋਣ ਪ੍ਰਚਾਰ ਬੁੱਧਵਾਰ ਸ਼ਾਮ ਨੂੰ ਖਤਮ ਹੋ ਗਿਆ।
- ਪਹਿਲੇ ਪੜਾਅ ‘ਚ ਜਿਨ੍ਹਾਂ ਅਹਿਮ ਸੀਟਾਂ ‘ਤੇ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ‘ਚ ਨਾਗਪੁਰ, ਕੰਨਿਆਕੁਮਾਰੀ, ਚੇਨਈ ਸੈਂਟਰਲ, ਮੁਜ਼ੱਫਰਨਗਰ, ਸਹਾਰਨਪੁਰ, ਕੈਰਾਨਾ, ਪੀਲੀਭੀਤ, ਡਿਬਰੂਗੜ੍ਹ, ਜੋਰਹਾਟ, ਜੈਪੁਰ, ਛਿੰਦਵਾੜਾ, ਜਮੁਈ, ਬਸਤਰ, ਨੈਨੀਤਾਲ ਅਤੇ ਲਕਸ਼ਦੀਪ ਆਦਿ ਸ਼ਾਮਲ ਹਨ। 18ਵੀਂ ਲੋਕ ਸਭਾ ਦੀਆਂ ਚੋਣਾਂ ਸੱਤ ਪੜਾਵਾਂ ਵਿੱਚ ਹੋਣੀਆਂ ਹਨ। ਪਹਿਲੇ ਪੜਾਅ ‘ਚ ਜਿਨ੍ਹਾਂ ਸੀਟਾਂ ‘ਤੇ ਵੋਟਿੰਗ ਹੋਣੀ ਹੈ, ਉਨ੍ਹਾਂ ‘ਚ ਆਸਾਮ ਦੀਆਂ ਕਾਜ਼ੀਰੰਗਾ, ਸੋਨਿਤਪੁਰ, ਲਖੀਮਪੁਰ, ਡਿਬਰੂਗੜ੍ਹ ਅਤੇ ਜੋਰਹਾਟ ਸੀਟਾਂ ਸ਼ਾਮਲ ਹਨ। ਇਸ ਤੋਂ ਇਲਾਵਾ 19 ਅਪ੍ਰੈਲ ਨੂੰ ਤ੍ਰਿਪੁਰਾ ਪੱਛਮੀ ਸੀਟ ‘ਤੇ ਵੀ ਚੋਣਾਂ ਹੋਣੀਆਂ ਹਨ।
- ਚੋਣ ਕਮਿਸ਼ਨ ਮੁਤਾਬਕ ਜਿੱਥੇ 19 ਅਪ੍ਰੈਲ ਤੋਂ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਰਹੀ ਹੈ, ਉੱਥੇ ਆਖਰੀ ਅਤੇ ਸੱਤਵਾਂ ਪੜਾਅ 1 ਜੂਨ ਨੂੰ ਸਮਾਪਤ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਕਈ ਅਹਿਮ ਸੀਟਾਂ ‘ਤੇ ਵੋਟਿੰਗ ਹੋਣ ਜਾ ਰਹੀ ਹੈ, ਜਿਸ ‘ਚ 8 ਕੇਂਦਰੀ ਮੰਤਰੀ, ਦੋ ਸਾਬਕਾ ਮੁੱਖ ਮੰਤਰੀ ਅਤੇ ਇਕ ਸਾਬਕਾ ਰਾਜਪਾਲ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਹਲਕੇ ਤੋਂ ਜਿੱਤ ਦੀ ਹੈਟ੍ਰਿਕ ਲਗਾਉਣ ਦੀ ਉਮੀਦ ਕਰ ਰਹੇ ਹਨ।