ਨਵੀਂ ਦਿੱਲੀ (ਸਾਹਿਬ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ‘ਚੋਂ ਲੋਕਾਂ ਲਈ ਸੰਦੇਸ਼ ਭੇਜਿਆ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੰਗਲਵਾਰ ਸਵੇਰੇ ਪ੍ਰੈੱਸ ਕਾਨਫਰੰਸ ਕਰਕੇ ਸੀ.ਐੱਮ. ਕੇਜਰੀਵਾਲ ਦਾ ਇਹ ਭਾਵੁਕ ਸੰਦੇਸ਼ ਪੜ੍ਹ ਕੇ ਸੁਣਾਇਆ। ਇਸ ਸੰਦੇਸ਼ ‘ਚ ਕੇਜਰੀਵਾਲ ਨੇ ਕਿਹਾ ਹੈ, ‘ਮੇਰਾ ਨਾਂ ਅਰਵਿੰਦ ਕੇਜਰੀਵਾਲ ਹੈ ਅਤੇ ਮੈਂ ਅੱਤਵਾਦੀ ਨਹੀਂ ਹਾਂ।’
- ਸੰਜੇ ਸਿੰਘ ਨੇ ਇਸ ਦੇ ਨਾਲ ਹੀ ਪ੍ਰੈੱਸ ਕਾਨਫਰੰਸ ‘ਚ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਤੁਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਅੱਤਵਾਦੀਆਂ ਵਰਗਾ ਸਲੂਕ ਕਰ ਰਹੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ। ਪ੍ਰਧਾਨ ਮੰਤਰੀ ਆਪਣੀ ਬਦਨੀਤੀ ਵਿੱਚ ਇੰਨਾ ਵੱਧ ਚੁੱਕੇ ਹਨ ਕਿ ਉਨ੍ਹਾਂ ਦੇ (ਕੇਜਰੀਵਾਲ ਦੇ) ਪਰਿਵਾਰ ਅਤੇ ਬੱਚਿਆਂ ਨਾਲ ਮੁਲਾਕਤ ਵਿਚਕਾਰ ਸ਼ੀਸ਼ੇ ਦੀ ਕੰਧ ਬਣਾ ਕੇ ਕਰਵਾਈ ਜਾ ਰਹੀ ਹੈ।
- ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਸੂਬੇ ਦੇ ਮੁੱਖ ਮੰਤਰੀ (ਭਗਵੰਤ ਮਾਨ) ਜਿਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ, ਦਿੱਲੀ ਦੇ 3 ਵਾਰ ਚੁਣੇ ਗਏ ਮੁੱਖ ਮੰਤਰੀ ਦੀ ਉਨ੍ਹਾਂ ਨਾਲ ਮੁਲਾਕਾਤ ਵਿਚਕਾਰ ਸ਼ੀਸ਼ੇ ਦੀ ਕੰਧ ਬਣਾ ਕੇ ਕਰਵਾਈ ਗਈ। ਭਾਜਪਾ ਨੇ ਇਸ ਕਾਰਵਾਈ ਰਾਹੀਂ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਕੇਜਰੀਵਾਲ ਪ੍ਰਤੀ ਨਫ਼ਰਤ ਦੀ ਭਾਵਨਾ ਹੈ।