ਨਵੀਂ ਦਿੱਲੀ (ਸਾਹਿਬ) : ਈਰਾਨ ਅਤੇ ਇਜ਼ਰਾਈਲ ਜੰਗ ਦੇ ਕੰਢੇ ‘ਤੇ ਖੜ੍ਹੇ ਹਨ। ਇਸ ਦੌਰਾਨ ਈਰਾਨੀ ਜਲ ਸੈਨਾ ਦੇ ਕਮਾਂਡੋਜ਼ ਨੇ ਮੁੰਬਈ ਆ ਰਹੇ ਇਕ ਇਜ਼ਰਾਈਲੀ ਜਹਾਜ਼ ਨੂੰ ਕਾਬੂ ਕਰ ਲਿਆ ਹੈ, ਜਿਸ ਵਿਚ 17 ਭਾਰਤੀਆਂ ਦੇ ਵੀ ਸਵਾਰ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਯੂਏਈ ਤੋਂ ਰਵਾਨਾ ਹੋ ਰਹੇ ਇਸ ਜਹਾਜ਼ ‘ਚ 17 ਭਾਰਤੀ ਨਾਗਰਿਕ ਮੌਜੂਦ ਸਨ।
- ਕਬੱਜੇ ‘ਚ ਲਏ ਗਏ ਜਹਾਜ਼ ਦਾ ਨਾਂ ਐਮਐਸਸੀ ਐਰੀਜ਼ ਹੈ ਜੋ ਮੁੰਬਈ ਦੇ ਜਵਾਹਰ ਲਾਲ ਨਹਿਰੂ ਬੰਦਰਗਾਹ ’ਤੇ ਆ ਰਿਹਾ ਸੀ। ਇਹ ਜਹਾਜ਼ ਸਟ੍ਰੇਟ ਆਫ਼ ਹਰਮੁਜ਼ ਤੋਂ ਲੰਘ ਰਿਹਾ ਸੀ ਜਦੋਂ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਦੇ ਕਮਾਂਡੋਜ਼ ਨੇ ਹੈਲੀਕਾਪਟਰ ਰਾਹੀਂ ਜਹਾਜ਼ ਨੂੰ ਕਾਬੂ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਜਹਾਜ਼ ਵਿੱਚ 17 ਭਾਰਤੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਪਰ ਉਨ੍ਹਾਂ ਬਾਰੇ ਕੋਈ ਤਾਜ਼ਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- ਈਰਾਨ ਦੀ ਸਮਾਚਾਰ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਜਹਾਜ਼ ਈਰਾਨ ਦੇ ਕਬਜ਼ੇ ਵਿਚ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਜਹਾਜ਼ ਨੂੰ ਇਜ਼ਰਾਈਲ ਨਾਲ ਸਬੰਧਾਂ ਕਾਰਨ ਫੜਿਆ ਗਿਆ ਹੈ। ਲੰਡਨ ਦੀ ਕੰਪਨੀ ਜ਼ੋਡੀਆਕ ਮੈਰੀਟਾਈਮ ਦੇ ਇਸ ਜਹਾਜ਼ ‘ਤੇ ਪੁਰਤਗਾਲ ਦਾ ਝੰਡਾ ਸੀ। Zodiac Group ਇਜ਼ਰਾਈਲੀ ਅਰਬਪਤੀ ਅਯਾਰ ਓਫਰ ਦੀ ਮਲਕੀਅਤ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਹਥਿਆਰਬੰਦ ਕਮਾਂਡੋਜ਼ ਨੂੰ ਹੈਲੀਕਾਪਟਰ ਤੋਂ ਜਹਾਜ਼ ‘ਤੇ ਉਤਰਦੇ ਦੇਖਿਆ ਜਾ ਸਕਦਾ ਹੈ।