ਸਵਾਈ ਮਾਧੋਪੁਰ (ਰਾਜਸਥਾਨ) (ਸਾਹਿਬ)- ਭਾਰਤੀ ਪ੍ਰੀਮੀਅਰ ਲੀਗ (IPL) ਦੇ ਕ੍ਰਿਕਟ ਮੈਚਾਂ ‘ਤੇ ਆਨਲਾਈਨ ਸੱਟੇਬਾਜ਼ੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਰਾਜਸਥਾਨ ਦੇ ਸਵਾਈ ਮਾਧੋਪੁਰ ਸ਼ਹਿਰ ਦੇ ਕੋਤਵਾਲੀ ਥਾਣੇ ਦੀ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ।
- ਪੁਲਿਸ ਦੀ ਟੀਮ ਨੇ ਸ਼ਹਿਰ ਵਿੱਚ ਸਥਿਤ ਇੱਕ ਲਗਜ਼ਰੀ ਹੋਟਲ ਵਿੱਚ ਰੇਡ ਕੀਤੀ, ਜਿੱਥੇ ਮੁਲਜ਼ਮ ਕਿਰਾਏ ਦੇ ਵੀਆਈਪੀ ਕਮਰੇ ਵਿੱਚ ਰਹਿ ਕੇ IPL ਮੈਚਾਂ ‘ਤੇ ਆਨਲਾਈਨ ਸੱਟੇਬਾਜ਼ੀ ਕਰ ਰਹੇ ਸਨ। ਇਸ ਦੌਰਾਨ, ਪੁਲਿਸ ਨੇ 12 ਮੋਬਾਈਲ, ਦੋ ਲੈਪਟਾਪ ਅਤੇ ਹੋਰ ਸਾਮਾਨ ਜ਼ਬਤ ਕੀਤਾ। ਗ੍ਰਿਫ਼ਤਾਰ ਕੀਤੇ ਗਏ ਚਾਰੋਂ ਮੁਲਜ਼ਮ ਪ੍ਰਕਾਸ਼ ਠਾਕੁਰ, ਹਰੀਸ਼ ਤ੍ਰਿਕੋਟੀਆ, ਲੋਕੇਸ਼ ਕੁਮਾਰ ਵਣਵਾਨੀ ਅਤੇ ਨਿਤਿਨ ਵਿਆਸ ਨੂੰ ਪੁਲਿਸ ਨੇ ਵੱਖ ਵੱਖ ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਹੈ।
- ਕੋਤਵਾਲੀ ਥਾਣੇ ਦੇ ਅਧਿਕਾਰੀ ਰਾਜਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਮੁਲਜ਼ਮਾਂ ਨੇ ਲਗਜ਼ਰੀ ਹੋਟਲ ਦੇ ਵੀਆਈਪੀ ਕਮਰੇ ਨੂੰ ਆਪਣੇ ਗੈਰ-ਕਾਨੂੰਨੀ ਕੰਮ ਲਈ ਬੇਸ ਬਣਾਇਆ ਸੀ। ਇਸ ਦੇ ਨਾਲ ਹੀ ਆਪਰੇਸ਼ਨ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਖਾਤੇ ‘ਚੋਂ 10 ਕਰੋੜ 50 ਲੱਖ ਰੁਪਏ ਦੇ ਲੈਣ-ਦੇਣ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ।