ਚੰਡੀਗੜ੍ਹ (ਸਾਹਿਬ) – ਪੰਜਾਬ ‘ਚ ਰੀਅਲ ਅਸਟੇਟ ਨਿਵੇਸ਼ ਦੇ ਨਾਂ ‘ਤੇ ਇਕ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿਚ ਹਜ਼ਾਰਾਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਸੀ। ਇਸ ਘੁਟਾਲੇ ਦੇ ਮਾਸਟਰਮਾਈਂਡ ਨੀਰਜ ਅਰੋੜਾ ਨੂੰ ਹਾਲ ਹੀ ਵਿੱਚ ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
- ਨੀਰਜ ਅਰੋੜਾ ‘ਤੇ ਪੰਜਾਬ ਦੇ 21 ਜ਼ਿਲ੍ਹਿਆਂ ਦੇ ਸੈਂਕੜੇ ਲੋਕਾਂ ਨਾਲ ਰੀਅਲ ਅਸਟੇਟ ਨਿਵੇਸ਼ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਉਸਨੇ ਨੇਚਰ ਹਾਈਟਸ ਲਿਮਟਿਡ ਕੰਪਨੀ ਦੀ ਆੜ ਵਿੱਚ ਲੋਕਾਂ ਤੋਂ ਪੈਸੇ ਲਏ ਸਨ। ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਇਸ ਵੱਡੇ ਨਟਵਰ ਲਾਲ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਅਰੋੜਾ ਖ਼ਿਲਾਫ਼ ਸੌ ਤੋਂ ਵੱਧ ਕੇਸ ਦਰਜ ਹਨ ਅਤੇ ਉਹ ਪਿਛਲੇ ਸੱਤ ਸਾਲਾਂ ਤੋਂ ਭਗੌੜਾ ਸੀ। ਫਰੀਦਕੋਟ ਰੇਂਜ ਦੇ ਆਈਜੀ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਧੋਖਾਧੜੀ ਮਾਮਲੇ ਵਿੱਚ ਨੀਰਜ ਅਰੋੜਾ ਕਰੀਬ 92 ਕੇਸਾਂ ਵਿੱਚ ਭਗੌੜਾ ਸੀ। ਉਨ੍ਹਾਂ ਕੋਲੋਂ ਇੱਕ ਬੀਐਮਡਬਲਿਊ ਕਾਰ, ਜਾਅਲੀ ਆਈਡੀ ਅਤੇ ਦੋ ਪਾਸਪੋਰਟ ਬਰਾਮਦ ਹੋਏ ਹਨ।
- ਈਡੀ ਇਸ ਮਾਮਲੇ ਵਿੱਚ ਨੀਰਜ ਅਰੋੜਾ ਦੀ ਵੀ ਭਾਲ ਕਰ ਰਹੀ ਸੀ। ਗ੍ਰਿਫਤਾਰੀ ਨੇ ਪੀੜਤਾਂ ਨੂੰ ਉਮੀਦ ਦੀ ਕਿਰਨ ਦਿੱਤੀ ਹੈ। ਪੁਲਿਸ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਧੋਖਾਧੜੀ ਕੀਤੀ ਗਈ ਰਕਮ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।