ਜੈਪੁਰ (ਸਾਹਿਬ)— ਰਾਜਸਥਾਨ ‘ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਸਰਕਾਰੀ ਦਫਤਰਾਂ ‘ਚ ਖਾਣੇ ਦੇ ਮੇਨਿਊ ‘ਚ ਬਦਲਾਅ ਕੀਤਾ ਗਿਆ ਅਤੇ ਹੁਣ ਡਰੈੱਸ ਕੋਡ ਵੀ ਲਾਗੂ ਕਰ ਦਿੱਤਾ ਗਿਆ ਹੈ। ਇਕ ਹੁਕਮ ਅਨੁਸਾਰ ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਮ ਕੱਪੜੇ ਪਹਿਨਣ ‘ਤੇ ਪਾਬੰਦੀ ਲਗਾਈ ਗਈ ਹੈ। ਹੁਣ ਸਰਕਾਰੀ ਕਰਮਚਾਰੀਆਂ ਲਈ ਜੀਨਸ ਅਤੇ ਟੀ-ਸ਼ਰਟ ਦੀ ਬਜਾਏ ਰਸਮੀ ਕੱਪੜੇ ਪਾਉਣਾ ਲਾਜ਼ਮੀ ਹੋ ਗਿਆ ਹੈ। ਇਸ ਦੇ ਲਈ ਆਮ ਪ੍ਰਸ਼ਾਸਨ ਵਿਭਾਗ ਨੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ।
- ਮੁੱਖ ਸਕੱਤਰ ਸੁਧਾਂਸ਼ੂ ਪੰਤ ਦੇ ਨਿਰਦੇਸ਼ਾਂ ਤੋਂ ਬਾਅਦ ਆਮ ਪ੍ਰਸ਼ਾਸਨ ਵਿਭਾਗ ਦੀ ਸੰਯੁਕਤ ਸਕੱਤਰ ਨੀਤੂ ਰਾਜੇਸ਼ਵਰ ਨੇ ਇਹ ਹੁਕਮ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ 27 ਮਾਰਚ ਨੂੰ ਸੀ.ਐਸ.ਐਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀ ਅਤੇ ਕਰਮਚਾਰੀ ਮਾਣ-ਸਤਿਕਾਰ, ਅਨੁਸ਼ਾਸਨ, ਸ਼ਿਸ਼ਟਾਚਾਰ ਅਤੇ ਨੈਤਿਕਤਾ ਦੀ ਪਾਲਣਾ ਨੂੰ ਯਕੀਨੀ ਬਣਾਉਣ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਾਰੇ ਦਫ਼ਤਰਾਂ ਵਿੱਚ ਸਨਮਾਨਜਨਕ ਪਹਿਰਾਵੇ ਵਿੱਚ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਜੀਨਸ, ਟੀ-ਸ਼ਰਟ ਅਤੇ ਹੋਰ ਅਸ਼ਲੀਲ ਪਹਿਰਾਵੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ।