ਓਟਵਾ (ਸਾਹਿਬ)- ਨੈਨੋਜ਼ ਰਿਸਰਚ ਵੱਲੋਂ ਜਾਰੀ ਕੀਤੇ ਗਏ ਨਵੇਂ ਡਾਟਾ ਅਨੁਸਾਰ ਫੈਡਰਲ ਲਿਬਰਲਾਂ ਤੇ ਕੰਜ਼ਰਵੇਟਿਵ ਪਾਰਟੀ ਦਰਮਿਆਨ ਜਿਹੜੀ ਲੀਡ ਸੀ ਉਹ ਕਾਫੀ ਘੱਟ ਗਈ ਹੈ। 20 ਫੀ ਸਦੀ ਅੰਕਾਂ ਨਾਲ ਜਿੱਥੇ ਕੰਜ਼ਰਵੇਟਿਵ ਪਾਰਟੀ ਅੱਗੇ ਚੱਲ ਰਹੀ ਸੀ ਉਹ ਫਾਸਲਾ ਹੁਣ 12 ਅੰਕਾਂ ਦੀ ਲੀਡ ਉੱਤੇ ਆ ਕੇ ਰੁਕ ਗਿਆ ਹੈ।
ਸਤੰਬਰ ਤੋਂ ਹੀ ਪਿਏਰ ਪੌਲੀਏਵਰ ਦੀ ਅਗਵਾਈ ਵਿੱਚ ਕੰਜ਼ਰਵੇਟਿਵਾਂ ਨੇ ਲਿਬਰਲਾਂ ਤੋਂ ਸੁਰੱਖਿਅਤ ਲੀਡ ਮੇਨਟੇਨ ਕੀਤੀ ਹੋਈ ਸੀ। ਇੱਕ ਮਹੀਨੇ ਪਹਿਲਾਂ ਤੱਕ ਇਹ ਵਕਫਾ 20 ਫੀ ਸਦੀ ਅੰਕਾਂ ਦਾ ਸੀ। ਉਸ ਸਮੇਂ ਲਿਬਰਲਾਂ ਨੂੰ 23·8 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਸੀ ਜਦਕਿ ਕੰਜ਼ਰਵੇਟਿਵ 42·8 ਫੀ ਸਦੀ ਸਮਰਥਨ ਦਾ ਆਨੰਦ ਮਾਣ ਰਹੇ ਸਨ।ਪਰ ਨੈਨੋਜ਼ ਵੱਲੋਂ ਕਰਵਾਏ ਗਈ ਤਾਜ਼ਾ ਟਰੈਕਿੰਗ ਅਨੁਸਾਰ ਕੰਜ਼ਰਵੇਟਿਵ ਹੁਣ 38 ਫੀ ਸਦੀ ਦੇ ਨੇੜੇ ਤੇੜੇ ਹਨ ਜਦਕਿ ਲਿਬਰਲ ਹੁਣ 26 ਫੀ ਸਦੀ ਅੰਕਾਂ ਉੱਤੇ ਹਨ।
- ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਆਖਿਆ ਕਿ ਹੁਣ ਵਾਲੇ ਅੰਕੜਿਆਂ ਤੋਂ ਕੰਜ਼ਰਵੇਟਿਵਾਂ ਦੇ ਸਮਰਥਨ ਵਿੱਚ ਮਾਮੂਲੀ ਗਿਰਾਵਟ ਆਈ ਮਹਿਸੂਸ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਵੀ ਸਮਾਂ ਸੀ ਜਦੋਂ ਕੰਜ਼ਰਵੇਟਿਵਾਂ ਨੂੰ 43 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਸੀ ਪਰ ਸਾਰੇ ਜਾਣਦੇ ਸਨ ਕਿ ਉਹ ਐਨੀ ਵੱਡੀ ਲੀਡ ਨੂੰ ਬਰਕਰਾਰ ਨਹੀਂ ਰੱਖ ਪਾਊਣਗੇ। ਉਨ੍ਹਾਂ ਅੱਗੇ ਆਖਿਆ ਕਿ ਅਜੇ ਵੀ ਕੰਜ਼ਰਵੇਟਿਵਾਂ ਨੂੰ 12 ਅੰਕਾਂ ਦੀ ਲੀਡ ਹਾਸਲ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਉਹ ਇਸ ਲੀਡ ਨੂੰ ਬਰਕਰਾਰ ਰੱਖ ਪਾਉਣ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਤੇ ਕੀ ਇਹ 10 ਤੇ 12 ਅੰਕਾਂ ਦੀ ਲੀਡ ਹੁਣ ਨਰਮਲ ਗੱਲ ਬਣ ਗਈ ਹੈ।
- ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰਧਾਨ ਮੰਤਰੀ ਦੀ ਤਰਜੀਹ ਦੇ ਮਾਮਲੇ ਵਿੱਚ ਵੀ ਕੰਜ਼ਰਵੇਟਿਵਾਂ ਦੀ ਲੀਡ ਘਟੀ ਹੈ। ਮਾਰਚ ਦੇ ਸ਼ੁਰੂ ਵਿੱਚ ਪੌਲੀਏਵਰ ਟਰੂਡੋ ਦੇ 19·2 ਫੀ ਸਦੀ ਅੰਕੜਿਆਂ ਦੇ ਮੁਕਾਬਲੇ 36·9 ਫੀ ਸਦੀ ਨਾਲ ਅੱਗੇ ਚੱਲ ਰਹੇ ਸਨ। ਪਰ ਹੁਣ ਪੌਲੀਏਵਰ ਨੂੰ 33·4 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ ਜਦਕਿ ਟਰੂਡੋ 21·5 ਫੀ ਸਦੀ ਉੱਤੇ ਪਹੁੰਚ ਗਏ ਹਨ। ਐਨਡੀਪੀ ਆਗੂ ਜਗਮੀਤ ਸਿੰਘ ਇੱਕ ਮਹੀਨੇ ਪਹਿਲਾਂ ਤੱਕ 17 ਫੀ ਸਦੀ ਉੱਤੇ ਚੱਲ ਰਹੇ ਸਨ ਜਦਕਿ ਹੁਣ ਉਨ੍ਹਾਂ ਦੀ ਮਕਬੂਲੀਅਤ 14·8 ਫੀ ਸਦੀ ਰਹਿ ਗਈ ਹੈ।