ਨਵੀਂ ਦਿੱਲੀ (ਸਾਹਿਬ)— ਦਿੱਲੀ ਦੀ ਸਿਆਸਤ ‘ਚ ਉਸ ਸਮੇਂ ਨਵਾਂ ਤੂਫਾਨ ਆ ਗਿਆ ਜਦੋਂ ਅਰਵਿੰਦ ਕੇਜਰੀਵਾਲ ਦੀ ਕੈਬਨਿਟ ਦੇ ਅਹਿਮ ਮੈਂਬਰ ਕੈਲਾਸ਼ ਗਹਿਲੋਤ ਨੂੰ ਈਡੀ ਨੇ ਸ਼ਰਾਬ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਬੁਲਾਇਆ। ਸੂਤਰਾਂ ਮੁਤਾਬਕ ਇਹ ਪੁੱਛਗਿੱਛ ਕਰੀਬ 5 ਘੰਟੇ ਚੱਲੀ। ਗਹਿਲੋਤ, ਜੋ ਕਿ ਨਜਫਗੜ੍ਹ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਨ, ਸ਼ਨੀਵਾਰ ਸਵੇਰੇ 11.30 ਵਜੇ ਈਡੀ ਦਫਤਰ ਪਹੁੰਚੇ।
- ਦੱਸ ਦੇਈਏ ਕਿ ਗਹਿਲੋਤ ਦਾ ਨਾਮ ਉਦੋਂ ਚਰਚਾ ਵਿੱਚ ਆਇਆ ਸੀ ਜਦੋਂ ਈਡੀ ਨੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਸੀ। ਉਹ ਕੇਜਰੀਵਾਲ ਸਰਕਾਰ ‘ਚ ਟਰਾਂਸਪੋਰਟ, ਗ੍ਰਹਿ ਅਤੇ ਕਾਨੂੰਨ ਮੰਤਰੀ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਇਸ ਮਾਮਲੇ ‘ਚ ਈਡੀ ਦੀ ਚਾਰਜਸ਼ੀਟ ‘ਚ ਗਹਿਲੋਤ ਦਾ ਨਾਂ ਵੀ ਸ਼ਾਮਲ ਹੈ। ਈਡੀ ਦੇ ਅਨੁਸਾਰ, ਗਹਿਲੋਤ ਮੰਤਰੀਆਂ ਦੇ ਸਮੂਹ ਦਾ ਹਿੱਸਾ ਸੀ ਜਿਸ ਨੇ ਸਾਲ 2021-22 ਲਈ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਤਿਆਰ ਕੀਤੀ ਸੀ।
- ਤੁਹਾਨੂੰ ਦੱਸ ਦੇਈਏ ਕਿ ਇਸ ਗਰੁੱਪ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਸ਼ਹਿਰੀ ਵਿਕਾਸ ਮੰਤਰੀ ਸਤੇਂਦਰ ਜੈਨ ਵੀ ਸ਼ਾਮਲ ਸਨ। ਈਡੀ ਦਾ ਦੋਸ਼ ਹੈ ਕਿ ਇਹ ਨੀਤੀ ਦੱਖਣੀ ਲਾਬੀ ਨੂੰ ਲੀਕ ਕੀਤੀ ਗਈ ਸੀ, ਜਿਸ ਵਿੱਚ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇਸੀਆਰ ਦੀ ਧੀ ਕੇ. ਕਵਿਤਾ ਵੀ ਸ਼ਾਮਲ ਸੀ। ਦੋਸ਼ ਹੈ ਕਿ ਇਸ ਲਾਬੀ ਨੇ ‘ਆਪ’ ਅਤੇ ਇਸ ਦੇ ਆਗੂਆਂ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਇਸ ਪੁੱਛਗਿੱਛ ਦੌਰਾਨ ਗਹਿਲੋਤ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਗਿਆ।
———————————————-