ਬਿਹਾਰ ਦੇ ਰੋਹਤਾਸ ਜ਼ਿਲ੍ਹੇ ‘ਚ ਇੱਕ 11 ਸਾਲ ਦਾ ਮਾਸੂਮ ਬੱਚਾ ਰੋਹਤਾਸ ਦੇ ਸੋਨ ਨਦੀ ਦੇ ਪੁਲ ਦੇ ਦੋ ਖੰਭਿਆਂ ਵਿਚਾਲੇ ਫਸਿਆ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ SDRF ਦੀ ਟੀਮ ਰਾਤ ਨੂੰ ਮੌਕੇ ਤੇ ਪੁੱਜ ਗਈ ਹੈ। ਬਚਾਅ ਟੀਮ ਵੱਲੋਂ ਬੱਚੇ ਨੂੰ ਬਾਹਰ ਕੱਢਣ ਲਈ ਬੀਤੇ 24 ਘੰਟਿਆਂ ‘ਤੋਂ ਮੁਹਿੰਮ ਚੱਲ ਰਹੀ ਹੈ, ਪਰ ਬੱਚੇ ਨੂੰ ਹਾਲੇ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ।
ਸੂਚਨਾ ਦੇ ਅਨੁਸਾਰ 3 ਅਧਿਕਾਰੀਆਂ ਅਤੇ 35 ਜਵਾਨਾਂ ਦੀ ਟੀਮ ਪੁਲ ਨੂੰ ਉੱਪਰੋਂ ਤੋੜ ਕੇ ਬੱਚੇ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਪਿੱਲਰ ਨੂੰ ਅੱਠ ਤੋਂ 10 ਫੁੱਟ ਤੱਕ ਕੱਟਿਆ ਜਾ ਰਿਹਾ ਹੈ। ਅੱਜ ਦੁਪਹਿਰ 12 ਵਜੇ ਤੱਕ ਇਹ ਪਿੱਲਰ ਸਾਢੇ ਤਿੰਨ ਫੁੱਟ ਤੱਕ ਕੱਟ ਲਿਆ ਗਿਆ ਹੈ। ਬੱਚੇ ਨੂੰ ਖਾਣ ਵਾਸਤੇ ਭੋਜਨ ਪਹੁੰਚਿਆ ਗਿਆ ਹੈ। ਬੱਚੇ ਨੂੰ ਪਾਈਪ ਰਾਹੀਂ ਆਕਸੀਜਨ ਦਿੱਤੀ ਗਈ ਹੈ। ਰੈਸਕਿਊ ਟੀਮ ਨੇ ਦੱਸਿਆ ਹੈ ਕਿ ਬੱਚਾ ਬਿਲਕੁਲ ਸਹੀ ਹੈ। ਆਸ ਹੈ ਕਿ ਕੁਝ ਘੰਟਿਆਂ ਦੇ ਬਚਾਅ ਕਾਰਜ ਮਗਰੋਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਏਗਾ ।
ਜਾਣਕਾਰੀ ਦੇ ਅਨੁਸਾਰ ਬੁੱਧਵਾਰ ਸਵੇਰੇ 11 ਵਜੇ ਬੱਚੇ ਨੂੰ ਪੁਲ ਦੇ ਦੋ ਖੰਭਿਆਂ ਵਿਚਲੇ ਫਸੇ ਹੋਏ ਨੂੰ ਦੇਖ ਕੇ ਬਹੁਤ ਸਾਰੇ ਲੋਕ ਇਕੱਠੇ ਹੋਏ ਹਨ। ਬੱਚੇ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ । ਫਿਰ ਸਥਾਨਕ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਬੱਚੇ ਦਾ ਨਾਮ ਰੰਜਨ ਕੁਮਾਰ ਹੈ ਅਤੇ ਪਿੰਡ ਖੀਰਿਆਵ ਦਾ ਵਾਸੀ ਹੈ। ਉਸ ਦੇ ਪਿਤਾ ਸ਼ਤਰੂਘਨ ਪ੍ਰਸਾਦ ਨੇ ਕਿਹਾ ਹੈ ਕਿ ਬੱਚਾ ਮਾਨਸਿਕ ਤੌਰ ‘ਤੇ ਕਮਜ਼ੋਰ ਹੈ। ਉਹ ਬੀਤੇ ਦੋ ਦਿਨਾਂ ਤੋਂ ਨਹੀਂ ਮਿਲ ਰਿਹਾ ਸੀ। ਜਾਣਕਾਰੀ ਅਨੁਸਾਰ ਬੱਚਾ ਕਬੂਤਰ ਨੂੰ ਫੜ ਰਿਹਾ ਸੀ। ਇਸੇ ਦੌਰਾਨ ਉਥੇ ਫਸ ਗਿਆ ਸੀ।