ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਸੈਲਾਨੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟਣ ਨਾਲ 15 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕਿਸ਼ਤੀ ‘ਤੇ 30 ਤੋਂ ਵੱਧ ਲੋਕ ਸਵਾਰ ਸੀ। ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਬਚਾਅ ਅਤੇ ਰਾਹਤ ਟੀਮ ਮੌਕੇ ‘ਤੇ ਪੁੱਜ ਚੁੱਕੀ ਹੈ। ਇਸ ਨਦੀ ‘ਚ ਰੁੜੇ ਹੋਏ ਲੋਕਾਂ ਦੀ ਭਾਲ ਜਾਰੀ ਹੈ।
ਸੂਚਨਾ ਦੇ ਅਨੁਸਾਰ ਕੇਰਲ ‘ਚ ਪੁਰਾਪੁਝਾ ਨਦੀ ‘ਤੇ ਥੁਵਲ ਥਰਮ ਸੈਰ-ਸਪਾਟਾ ਸਥਾਨ ‘ਤੇ ਸ਼ਾਮ 7 ਵਜੇ ਯਾਤਰੀਆਂ ਦੀ ਕਿਸ਼ਤੀ ਪਲਟਣ ਕਾਰਨ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨਾਲ ਭਰੀ ਇਸ ਕਿਸ਼ਤੀ ‘ਚ ਬੱਚੇ ‘ਤੇ ਔਰਤਾਂ ਵੀ ਸਵਾਰ ਸਨ। ਨਦੀ ‘ਚੋਂ ਕੁਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ‘ਚ ਹੋਈ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੀਐਮਐਨਆਰਐਫ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਮਦਦ ਕਰਨ ਦੀ ਘੋਸ਼ਣਾ ਕੀਤੀ ਹੈ।