ਉੱਤਰਾਖੰਡ ਦੇ ਕੇਦਾਰਨਾਥ ਧਾਮ ਦੇ ਦਰਵਾਜ਼ੇ ਅੱਜ ਯਾਨੀ ਮੰਗਲਵਾਰ ਸਵੇਰੇ 6.20 ਵਜੇ ਖੁੱਲ੍ਹ ਗਏ ਹਨ। ਮੰਦਰ ਦੇ ਮੁੱਖ ਪੁਜਾਰੀ ਜਗਦਗੁਰੂ ਰਾਵਲ ਭੀਮ ਸ਼ੰਕਰ ਲਿੰਗ ਸ਼ਿਵਾਚਾਰੀਆ ਨੇ ਮੰਦਰ ਦੇ ਦਰਵਾਜ਼ੇ ਖੋਲ੍ਹੇ ਹਨ। ਮੰਦਰ ਦੀ ਸਜਾਵਟ 20 ਕੁਇੰਟਲ ਫੁੱਲਾਂ ਨਾਲ ਕੀਤੀ ਗਈ ਹੈ |
3 ਦਿਨ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ| ਮੰਦਰ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਖ਼ਰਾਬ ਮੌਸਮ ਹੋਣ ਦੇ ਕਾਰਨ ਅੱਗੇ ਜਾਣ ਤੇ ਰੋਕ ਲਗਾਈ ਗਈ ਸੀ। ਇਸ ਦੇ ਬਾਵਜੂਦ ਵੀ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ।
ਅੱਜ ਸਵੇਰੇ ਹੀ ਦਰਵਾਜ਼ੇ ਖੋਲ੍ਹ ਦਿੱਤੇ ਗਏ ਸੀ। ਧਾਰਮਿਕ ਪਰੰਪਰਾਵਾਂ ਦੇ ਨਾਲ-ਨਾਲ ਬਾਬਾ ਕੇਦਾਰ ਦੀ ਪੰਚਮੁਖੀ ਭੋਗ ਮੂਰਤੀ ਡੋਲੀ ‘ਚ ਰਾਵਲ ਨਿਵਾਸ ਤੋਂ ਮੰਦਰ ਪਰਿਸਰ ਵਿੱਚ ਪੁੱਜੀ। ਸ਼ਰਧਾਲੂਆਂ ਨੇ ਬਾਬਾ ਦੇ ਜੈਕਾਰੇ ਲਾਏ। ਤਾਪਮਾਨ 6 ਡਿਗਰੀ ਤੇ ਪਹੁੰਚਿਆ ਹੈ। ਇਸ ਦੇ ਬਾਵਜੂਦ ਵੀ ਸਵੇਰੇ 4 ਵਜੇ ਤੋਂ ਹੀ ਮੰਦਰ ਦੇ ਬਾਹਰ ਲੰਬੀਆਂ ਕਤਾਰਾਂ ‘ਚ ਸ਼ਰਧਾਲੂ ਦੇਖਣ ਨੂੰ ਮਿਲੇ।
ਜਾਣਕਾਰੀ ਦੇ ਅਨੁਸਾਰ ਚਾਰਧਾਮ ਯਾਤਰਾ ਸ਼ਨੀਵਾਰ ਨੂੰ ਅਕਸ਼ੈ ਤ੍ਰਿਤੀਆ ਤੋਂ ਸ਼ੁਰੂ ਹੋ ਗਈ ਹੈ। ਅੱਗੇ ਆਉਣ ਵਾਲੇ ਪੰਜ ਦਿਨਾਂ ਵਿੱਚ ਸ਼ਰਧਾਲੂ ਬਦਰੀਨਾਥ, ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਦੇ ਦਰਸ਼ਨ ਕਰਨਗੇ। ਭਾਰਤੀ ਮੌਸਮ ਵਿਭਾਗ ਨੇ ਕੇਦਾਰਨਾਥ ਧਾਮ ਮਾਰਗ ਅਤੇ ਧਾਮ ਵਿੱਚ ਭਾਰੀ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਹੈ। ਅਗਲੇ ਇੱਕ ਹਫ਼ਤੇ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।