ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅਹਿਮਦਾਬਾਦ ਜਾ ਰਹੀ ਇੰਡੀਗੋ ਦੀ ਫਲਾਈਟ ਦੇ 2 ਘੰਟੇ ਦੇ ਸਫਰ ਦੌਰਾਨ ਯਾਤਰੀ ਮੱਛਰਾਂ ਤੋਂ ਬਹੁਤ ਤੰਗ ਹੋ ਗਏ ਸੀ, ਜਿਸ ਕਰਕੇ ਯਾਤਰੀਆਂ ਨੂੰ ਪੂਰੀ ਯਾਤਰਾ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਾਰੇ ਸਫਰ ਦੌਰਾਨ ਯਾਤਰੀਆਂ ਨੇ ਇਸ ਪਰੇਸ਼ਾਨੀ ਬਾਰੇ ਸਟਾਫ ਦੇ ਨਾਲ-ਨਾਲ ਏਅਰਲਾਈਨਜ਼ ਨੂੰ ਵੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਏਅਰਲਾਈਨਜ਼ ਦੇ ਪੂਰੇ ਸਟਾਫ ਨੇ ਇਸ ਘਟਨਾ ਦੇ ਲਈ ਮੁਆਫੀ ਮੰਗੀ ਅਤੇ ਭਵਿੱਖ ‘ਚ ਇਸ ਗੱਲ ਦਾ ਖਿਆਲ ਰੱਖਣ ਦਾ ਭਰੋਸਾ ਦਿੱਤਾ।
ਸੂਚਨਾ ਦੇ ਅਨੁਸਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਉਡਾਣ ਨੰਬਰ 6E645 ਕੱਲ ਰਾਤ 8 ਵਜੇ ਰਵਾਨਾ ਹੋਈ ਅਤੇ ਰਾਤ 10:15 ਵਜੇ ਅਹਿਮਦਾਬਾਦ ਪੁੱਜ ਗਈ। ਅਹਿਮਦਾਬਾਦ ਦੇ ਹੋਮਿਓਪੈਥਿਕ ਡਾਕਟਰ ਕਰਰ ਮਜੂਮਦਾਰ ਨੇ ਪਰੇਸ਼ਾਨੀ ਦੱਸਦਿਆਂ ਕਿਹਾ ਕਿ ਫਲਾਈਟ ਮੱਛਰਾਂ ਨਾਲ ਭਰੀ ਹੋਣ ਕਾਰਨ ਇਹ ਯਾਤਰਾ ਬਹੁਤ ਮੁਸ਼ਕਿਲ ਨਾਲ ਪੂਰੀ ਹੋਈ।
ਇਸ ਸ਼ਿਕਾਇਤ ਤੋਂ ਬਾਅਦ ਏਅਰਲਾਈਨਜ਼ ਨੇ ਯਾਤਰੀ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ। ਏਅਰਲਾਈਨਜ਼ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਜਹਾਜ਼ ‘ਚ ਮੱਛਰਾਂ ਨੂੰ ਦੇਖਣਾ ਬਹੁਤ ਅਸੁਵਿਧਾਜਨਕ ਹੋਵੇਗਾ ‘ਤੇ ਅਸੀਂ ਅਜਿਹੇ ਫੀਡਬੈਕ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਾਂ। ਇਸ ਦੇ ਲਈ ਸਾਡੀ ਟੀਮ ਅੱਗੇ ਤੋਂ ਧਿਆਨ ਰੱਖੇਗੀ।