ਕਰਨਾਲ ਵਿੱਚ ਅੱਜ ਸਵੇਰੇ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਸ ਘਟਨਾ ‘ਚ 4 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਮਜ਼ਦੂਰ ਮਲਬੇ ਹੇਠ ਦੱਬ ਹੋਏ ਹਨ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ 120 ਮਜ਼ਦੂਰਾਂ ਨੇ ਖਿੜਕੀਆਂ ਤੋਂ ਬਾਹਰ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਇਆ ਹੈ ।
ਹਰਿਆਣਾ ਦੇ ਤਰਾਵੜੀ ਵਿੱਚ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਇਸ ਇਮਾਰਤ ਵਿੱਚ ਕਰੀਬ 200 ਮਜ਼ਦੂਰ ਰਹਿੰਦੇ ਸੀ। ਉਨ੍ਹਾਂ ਵਿਚੋਂ ਕੁਝ ਰਾਤ ਨੂੰ ਕੰਮ ‘ਤੇ ਗਏ ਸੀ । ਬਾਕੀ ਇਮਾਰਤ ਵਿੱਚ ਹੀ ਸੁੱਤੇ ਹੋਏ ਸੀ। ਫਿਲਹਾਲ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ |
ਕਰਨਾਲ ਦੇ ਐੱਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਹੈ ਕਿ NDRF ਅਤੇ SDRF ਦੀਆਂ ਟੀਮਾਂ 5 ਘੰਟਿਆਂ ਤੋਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਇਸ ਮਲਬੇ ਨੂੰ ਸਾਫ਼ ਕਰਨ ਵਿੱਚ ਪੂਰਾ ਦਿਨ ਲੱਗ ਜਾਵੇਗਾ। ਮਿਲ ਦੇ ਮਾਲਕ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਮੁਰੰਮਤ ਦਾ ਕੰਮ ਹੋ ਰਿਹਾ ਸੀ।ਪੁਲਿਸ ਨੇ ਠੇਕੇਦਾਰ ਤੋਂ ਮਜਦੂਰਾਂ ਦੀ ਸੂਚੀ ਲੈ ਲਈ ਹੈ, ਜਿਸ ਦੇ ਆਧਾਰ ‘ਤੇ ਲਾਪਤਾ ਲੋਕਾਂ ਦੀ ਭਾਲ ਸ਼ੁਰੂ ਹੋ ਗਈ ਹੈ।
ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਮਾਰਤ ਦਾ ਢਾਂਚਾ ਅਸੁਰੱਖਿਅਤ ਸੀ। ਇਸ ਦੇ ਲਈ ਐਸਡੀਐਮ ਦੀ ਅਗਵਾਈ ਵਿੱਚ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਉਹ ਆਪਣੀ ਰਿਪੋਰਟ ਦੇਣਗੇ ਜਿਸ ਤੋਂ ਪਤਾ ਲੱਗੇਗਾ ਕਿ ਇਮਾਰਤ ਦੇ ਢਾਂਚੇ ਦੀ ਹਾਲਤ ਕਿਸ ਤਰ੍ਹਾਂ ਦੀ ਸੀ। ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ।