ਅੰਮ੍ਰਿਤਸਰ ‘ਚ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਹਰਿਆਣੇ ਦੀ ਕੁੜੀ ਦੇ ਮੂੰਹ ‘ਤੇ ਤਿਰੰਗੇ ਦਾ ਰੰਗ ਲੱਗਾ ਹੋਣ ਕਰਕੇ ਇੱਕ ਸਿੱਖ ਵਿਅਕਤੀ ਨੇ ਉਸ ਨੂੰ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਉਸ ਕੁੜੀ ਨੂੰ ਮੱਥਾ ਟੇਕਣ ਤੋਂ ਰੋਕ ਦਿੱਤਾ ਗਿਆ । ਉਸ ਸਿੱਖ ਵਿਅਕਤੀ ਨੇ ਕੁੜੀ ਨੂੰ ਕਿਹਾ ਕਿ – ਇਹ ਪੰਜਾਬ ਹੈ, ਭਾਰਤ ਨਹੀਂ। ਕੁੜੀ ਨੂੰ ਰੋਕਣ ਵਾਲਾ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਕੁੜੀ ਆਪਣੇ ਹਰਿਆਣਵੀ ਸਾਥੀ ਨਾਲ ਇੱਕ ਸਿੱਖ ਵਿਅਕਤੀ ਕੋਲ ਜਾਂਦੀ ਹੈ। ਉਹ ਕਹਿ ਰਹੀ ਹੈ ਕਿ ਇਸੇ ਵਿਅਕਤੀ ਨੇ ਉਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੋਂ ਮਨਾਂ ਕੀਤਾ ਸੀ। ਕੁੜੀ ਨਾਲ ਆਇਆ ਹਰਿਆਣਵੀ ਸਾਥੀ ਸਿੱਖ ਵਿਅਕਤੀ ਨੂੰ ਕਹਿੰਦਾ ਹੈ ਕਿ – ਤੂੰ ਗੁੱਡੀ ਨੂੰ ਅੰਦਰ ਜਾਣ ਤੋਂ ਕਿਉਂ ਰੋਕ ਲਗਾਈ ?ਸਿੱਖ ਵਿਅਕਤੀ ਨੇ ਕਿਹਾ – ਉਸਨੇ ਆਪਣੇ ਮੂੰਹ ‘ਤੇ ਤਿਰੰਗਾ ਬਣਾਇਆ ਹੋਇਆ ਹੈ, ਇਸ ਲਈ ਰੋਕਿਆ ਗਿਆ ਹੈ।
ਕੁੜੀ ਦੇ ਹਰਿਆਣਵੀ ਸਾਥੀ ਨੇ ਫਿਰ ਕਿਹਾ – ਕੀ ਇਹ ਭਾਰਤ ਨਹੀਂ ਹੈ ਤਾਂ ਸਿੱਖ ਵਿਅਕਤੀ ਨੇ ਕਿਹਾ – ਇਹ ਭਾਰਤ ਨਹੀਂ ਹੈ। ਪੰਜਾਬ ਹੈ। ਕੁੜੀ ਉਸ ਸਿੱਖ ਵਿਅਕਤੀ ਨਾਲ ਗੱਲ ਕਰਦੇ ਹੋਏ ਵੀਡੀਓ ਵੀ ਬਣਾ ਰਹੀ ਸੀ। ਵੀਡੀਓ ਬਣਾਉਣ ‘ਤੇ ਵਿਅਕਤੀ ਨਾਰਾਜ਼ ਹੋ ਜਾਂਦਾ ਹੈ। ਭਾਰਤ ਅਤੇ ਪੰਜਾਬ ਦੀ ਗੱਲ ਸੁਣ ਕੇ ਕੁੜੀ ਨੇ ਗੁੱਸੇ ‘ਚ ਕਿਹਾ ਇਹ ਕਿ ਬਕਵਾਸ ਹੋ ਰਹੀ ਹੈ। ਇਸ ‘ਤੇ ਦੂਜੇ ਵਿਅਕਤੀ ਨੇ ਗੁੱਸੇ ‘ਚ ਆ ਕੇ ਕੁੜੀ ਦਾ ਮੋਬਾਈਲ ਖੋਹਣ ਦੀ ਵੀ ਹਰਕਤ ਕੀਤੀ। ਇਸ ਤੇ ਲੜਾਈ ਹੋਰ ਵੱਧ ਜਾਂਦੀ ਹੈ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ, ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ। ਇਸ ਵਿੱਚ ਕਿਸੇ ਵੀ ਜਾਤ, ਧਰਮ, ਦੇਸ਼ ਦੇ ਵਿਅਕਤੀ ਨੂੰ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਗਰੇਵਾਲ ਨੇ ਕਿਹਾ ਕਿ ਕੁੜੀ ਨਾਲ ਹੋਈ ਘਟਨਾ ਦਾ ਉਨ੍ਹਾਂ ਨੂੰ ਅਫਸੋਸ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਤੇ ਵੀ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਮੁੱਦਾ ਬਣਾਉਣ ਵਾਲਿਆਂ ਨੂੰ ਇਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਇਸ ਦੇਸ਼ ਦੀ ਆਜ਼ਾਦੀ ਲਈ 100 ਵਿੱਚੋਂ 90 ਕੁਰਬਾਨੀਆਂ ਸਿੱਖਾਂ ਦੀਆਂ ਹਨ |