ਮਹਾਰਾਸ਼ਟਰ ਦੇ ਅਕੋਲਾ ਜਿਲ੍ਹੇ ‘ਚ ਇਕ ਟੀਨ ਸ਼ੈੱਡ ‘ਤੇ ਦਰੱਖਤ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 30 ਤੋਂ ਜਿਆਦਾ ਲੋਕ ਜ਼ਖਮੀ ਹੋਏ ਹਨ। ਅਕੋਲਾ ਦੇ ਪਿੰਡ ਪਾਰਸ ‘ਚ ਸਥਿਤ ਬਾਬੂਜੀ ਮਹਾਰਾਜ ਸੰਸਥਾਨ ‘ਚ ਇਕ ਧਾਰਮਿਕ ਪ੍ਰੋਗਰਾਮ ‘ਚ 40 ਤੋਂ ਜਿਆਦਾ ਲੋਕ ਸ਼ਾਮਿਲ ਹੋਏ ਸੀ ।
ਮਹਾਰਾਸ਼ਟਰ ‘ਚ ਤੇਜ਼ ਮੀਂਹ ਅਤੇ ਹਨੇਰੀ ਕਾਰਨ ਇਕ ਨਿੰਮ ਦਾ ਦਰੱਖਤ ਟੀਨ ਦੀ ਸ਼ੈੱਡ ‘ਤੇ ਡਿੱਗ ਗਿਆ, ਜਿਸ ਦੇ ਹੇਠਾਂ ਬਹੁਤ ਸਾਰੇ ਸ਼ਰਧਾਲੂ ਬੈਠੇ ਹੋਏ ਸੀ। ਇਨ੍ਹਾਂ ਸ਼ਰਧਾਲੂਆਂ ‘ਚੋਂ 4 ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ, ਜਦਕਿ 36 ਨੂੰ ਹਸਪਤਾਲ ‘ਚ ਲਿਜਾਇਆ ਗਿਆ। ਜ਼ਖਮੀਆਂ ‘ਚੋਂ 3 ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ |
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚੀ ਅਤੇ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਲੋਕਾਂ ਨੇ ਦਰੱਖਤ ਨੂੰ ਕੱਟ ਕੇ ਹਟਾਇਆ ਅਤੇ ਮਲਬੇ ਨੂੰ ਹਟਾਉਣ ਲਈ JCB ਨੂੰ ਲਿਆਂਦਾ ਗਿਆ |
ਇਸ ਹਾਦਸੇ ਤੋਂ ਬਾਅਦ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ‘ਚ ਮਰੇ ਹੋਏ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ‘ਤੇ ਕਿਹਾ ਹੈ ਕਿ,“ਜ਼ਖਮੀਆਂ ਵਿੱਚੋਂ ਕੁਝ ਲੋਕ ਜ਼ਿਲਾ ਜਨਰਲ ਹਸਪਤਾਲ ‘ਚ ਭਰਤੀ ਕਰਵਾਏ ਗਏ ਹਨ ਅਤੇ ਕੁਝ ਜ਼ਖਮੀਆਂ ਦਾ ਬਾਲਾਪੁਰ ‘ਚ ਹੀ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਅਤੇ ਮੁੱਖ ਮੰਤਰੀ ਰਾਹਤ ਫੰਡ ‘ਚੋਂ ਵਿੱਤੀ ਮਦਦ ਕਰਨ ਦਾ ਐਲਾਨ ਕਰ ਦਿੱਤਾ ਹੈ।’