ਕਾਨਪੁਰ ਦੇ ਬਾਂਸਮੰਡੀ ਕੋਲ ਏਆਰ ਟਾਵਰ ‘ਚ ਸ਼ਾਰਟ ਸਰਕਟ ਕਾਰਨ ਦੇਰ ਰਾਤ ਭਿਆਨਕ ਅੱਗ ਲੱਗ ਗਈ ਸੀ । ਅੱਗ ਨਾਲ 6 ਕੰਪਲੈਕਸਾਂ ਦੀਆਂ 800 ਤੋਂ ਵੱਧ ਕੱਪੜੇ ਦੀਆ ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।ਜਿਸ ਕਾਰਨ ਅਰਬਾਂ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਆਰਮੀ, ਏਅਰ ਫੋਰਸ, ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਜਵਾਨ ਮੌਕੇ ਤੇ ਪਹੁੰਚ ਗਏ ਹਨ । 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ‘ਚ ਲੱਗੀਆਂ ਹੋਈਆਂ ਹਨ।
ਏਆਰ ਟਾਵਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਦੁਕਾਨਾਂ ਦੇ ਬਾਹਰ ਪਏ ਸਾਮਾਨ ਨੂੰ ਸਭ ਤੋਂ ਪਹਿਲਾ ਅੱਗ ਲੱਗੀ। ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਥੋੜ੍ਹੇ ਸਮੇਂ ‘ਚ ਹੀ ਕਈ ਦੁਕਾਨਾਂ ‘ਚ ਫੈਲ ਗਈ । ਇਸ ਤੋਂ ਬਾਅਦ ਅੱਗ ਨਾਲ ਹਮਰਾਜ ਕੰਪਲੈਕਸ, ਨਫੀਸ ਟਾਵਰ, ਅਰਜੁਨ ਕੰਪਲੈਕਸ, ਮਸੂਦ ਕੰਪਲੈਕਸ-1 ਅਤੇ ਮਸੂਦ ਕੰਪਲੈਕਸ-2 ਤੱਕ ਲਪੇਟ ਵਿੱਚ ਆ ਗਏ। ਇਨ੍ਹਾਂ 6 ਕੰਪਲੈਕਸਾਂ ਤੋਂ ਹਾਲੇ ਤੱਕ ਅੱਗ ਦੀਆਂ ਲਪਟਾਂ ਅਤੇ ਧੂੰਆਂ ਹੋ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕਾਨਪੁਰ, ਉਨਾਓ ਅਤੇ ਲਖਨਊ ਸਣੇ ਕਈ ਜ਼ਿਲ੍ਹਿਆਂ ਦੀਆਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ‘ਚ ਲੱਗੀਆਂ ਹੋਈਆਂ ਹਨ। ਕਾਨਪੁਰ ਦੇ ਪੁਲਿਸ ਕਮਿਸ਼ਨਰ ਬੀਪੀ ਜੋਗਦੰਦ, ਸੰਯੁਕਤ ਪੁਲਿਸ ਕਮਿਸ਼ਨਰ ਆਨੰਦ ਪ੍ਰਕਾਸ਼ ਤਿਵਾੜੀ ਅਤੇ DM ਮੌਕੇ ‘ਤੇ ਆਏ ਹੋਏ ਹਨ।
ਅੱਗ ਦੇ ਕਾਰਨ ਕਾਨਪੁਰ ਬਾਸਮੰਡੀ ਵੱਲ ਸਾਰੀ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ ਹੈ, ਨਾਲ ਲੱਗਦੇ ਇਕ ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਆਲੇ-ਦੁਆਲੇ ਦੀਆ ਦੁਕਾਨਾਂ ਨੂੰ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ |