ਜਲੰਧਰ ਦੇ ਗੋਰਾਇਆ ਨਾਲ ਸਬੰਧ ਰੱਖਣ ਵਾਲੇ ਪੰਜਾਬੀ ਜੋੜੇ ਦਾ ਮਨੀਲਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਕਿ ਹਮਲਾਵਰ ਰਾਤ 10 ਵਜੇ ਦੇ ਕਰੀਬ ਮਨੀਲਾ ਦੇ ਸ਼ਿਰਬੋ ਸਿਟੀ, ਦਾਨੌਜ ਵਿੱਚ ਸੁਖਵਿੰਦਰ ਸਿੰਘ ਦੇ ਘਰ ‘ਚ ਵੜ ਗਏ। ਹਮਲਾਵਰ ਨੇ ਪਹਿਲਾਂ ਘਰ ਦੇ ਬਾਹਰ ਬੈਠੇ ਸੁਖਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ।
ਇਸ ਤੋਂ ਬਾਅਦ ਕਾਤਲ ਘਰ ਦੇ ਅੰਦਰ ਵੜ ਗਿਆ। ਉਸ ਨੇ ਸੁਖਵਿੰਦਰ ਦੀ ਪਤਨੀ ਕਿਰਨਦੀਪ ਕੌਰ ਨੂੰ ਵੀ ਗੋਲੀ ਮਾਰ ਦਿੱਤੀ, ਜੋ ਘਰ ‘ਚ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਬਾਹਰ ਨਿਕਲੀ ਸੀ। ਇਹ ਸਾਰਾ ਹਾਦਸਾ ਘਰ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਿਆ ।
ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ 20 ਸਾਲਾਂ ਤੋਂ ਮਨੀਲਾ ਦੇ ਵਿੱਚ ਰਹਿ ਰਿਹਾ ਸੀ। ਉਹ ਆਪਣੇ ਭਰਾ ਲਖਬੀਰ ਸਿੰਘ ਨਾਲ ਫਾਈਨਾਂਸ ਦਾ ਕੰਮ ਕਰਦਾ ਸੀ। ਲਖਬੀਰ ਸਿੰਘ ਪਿਛਲੇ 2 ਮਹੀਨਿਆਂ ਤੋਂ ਗੁਰਾਇਆ ਵਿਖੇ ਆਇਆ ਹੋਇਆ ਸੀ ਅਤੇ ਉਸ ਦੇ ਆਉਣ ਤੋਂ ਬਾਅਦ ਉਸ ਦੇ ਭਰਾ ਅਤੇ ਭਾਬੀ ਦਾ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਕਾਤਲ ਰਾਤ 10 ਵਜੇ ਦੇ ਕਰੀਬ ਮਨੀਲਾ ਸਥਿਤ ਉਨ੍ਹਾਂ ਦੇ ਘਰ ‘ਚ ਵੜ ਗਿਆ ਅਤੇ ਕੁਝ ਸਮੇ ਉਸ ਦੇ ਭਰਾ ਨਾਲ ਗੱਲਬਾਤ ਕਰਦਾ ਰਿਹਾ ਅਤੇ ਫਿਰ ਕਾਤਲ ਨੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਭਰਾ ਦੀ ਪਤਨੀ ਕਮਰੇ ਤੋਂ ਬਾਹਰ ਆਈ ਤਾਂ ਕਾਤਲ ਨੇ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ।
ਕਿਰਨਦੀਪ ਕੌਰ ਦੇ ਪਿਤਾ ਗੁਰਦਾਵਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ 5 ਮਹੀਨੇ ਪਹਿਲਾਂ ਹੀ ਆਪਣੇ ਪਤੀ ਸੁਖਵਿੰਦਰ ਸਿੰਘ ਕੋਲ ਮਨੀਲਾ ਗਈ ਸੀ। ਪਰਿਵਾਰ ਦੇ ਮੈਬਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਥੋਂ ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਅਤੇ ਕਾਤਲਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ।