ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 1 ਅਪ੍ਰੈਲ ਨੂੰ ਰਿਹਾਅ ਹੋ ਸਕਦੇ ਹਨ । ਸਾਰੀ ਸਜ਼ਾ ਦੇ ਦੌਰਾਨ ਕੋਈ ਛੁੱਟੀ ਨਾ ਲੈਣ ਦਾ ਨਵਜੋਤ ਸਿੰਘ ਸਿੱਧੂ ਨੂੰ ਫਾਇਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ 26 ਜਨਵਰੀ 2023 ਨੂੰ ਉਨ੍ਹਾਂ ਦੇ ਰਿਹਾਅ ਹੋਣ ਦੀ ਉਮੀਦ ਸੀ ਪਰ ਕੈਬਨਿਟ ਨੂੰ ਭੇਜੀ ਗਈ ਫਾਈਲ ਵਿਚ ਉਨ੍ਹਾਂ ਦਾ ਨਾਮ ਨਾ ਹੋਣ ਕਾਰਨ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ ।
ਨਵਜੋਤ ਸਿੰਘ ਸਿੱਧੂ 20 ਮਈ 2022 ਨੂੰ ਜੇਲ੍ਹ ਵਿੱਚ ਗਏ ਸੀ ਪਰ ਉਨ੍ਹਾਂ ਦੀ ਰਿਹਾਈ ਲਈ 19 ਮਈ 2023 ਤੱਕ ਦੀ ਉਡੀਕ ਨਹੀਂ ਕਰਨੀ ਪਵੇਗੀ ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਸਜ਼ਾ ਦੌਰਾਨ ਕੋਈ ਛੁੱਟੀ ਨਹੀਂ ਲਈ ਜਿਸ ਦੇ ਚੱਲਦੇ ਹਫਤੇ ਤੇ ਹੋਰ ਸਰਕਾਰੀ ਛੁੱਟੀਆਂ ਨੂੰ ਕਟਿਆ ਜਾਵੇ ਤਾਂ ਅੰਦਾਜ਼ਾ ਹੈ ਕਿ ਉਹ 1 ਅਪ੍ਰੈਲ ਨੂੰ ਰਿਹਾਅ ਹੋ ਸਕਦੇ ਹਨ।
ਸੂਚਨਾ ਦੇ ਅਨੁਸਾਰ NDPS ਅਤੇ ਸੰਗੀਨ ਅਪਰਾਧਾਂ ਤੋਂ ਬਿਨਾ ਇਕ ਮਹੀਨੇ ਵਿਚ ਦਿੱਤੇ ਹੋਏ ਕੰਮ ਦੀ ਪ੍ਰਗਤੀ ਤੇ ਕੈਦੀਆਂ ਦੇ ਵਿਵਹਾਰ ਦੇ ਆਧਾਰ ‘ਤੇ 4 ਤੋਂ 5 ਦਿਨ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਕੁਝ ਸਰਕਾਰੀ ਛੁੱਟੀਆਂ ਦਾ ਫਾਇਦਾ ਵੀ ਕੈਦੀ ਨੂੰ ਮਿਲ ਸਕਦਾ ਹੈ।
ਦਸੰਬਰ 2022 ਤੋਂ ਹੀ ਸਿੱਧੂ ਦੀ ਰਿਹਾਈ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ । ਜੇਲ੍ਹ ਪ੍ਰਸ਼ਾਸਨ ਵੱਲੋਂ 56 ਲੋਕਾਂ ਦੀ ਫਾਈਲ ਤਿਆਰ ਕੀਤੀ ਗਈ ਸੀ ਜਿਨ੍ਹਾਂ ਨੂੰ ਚੰਗੇ ਵਿਵਹਾਰ ਲਈ ਗਣਤੰਤਰ ਦਿਵਸ ਦੇ ਮੌਕੇ ਤੇ ਜੇਲ੍ਹ ਤੋਂ ਰਿਹਾਅ ਕਰਨਾ ਸੀ ਪਰ ਗਣਤੰਤਰ ਦਿਵਸ ਤੋਂ ਪਹਿਲਾਂ ਕੈਬਨਿਟ ਬੈਠਕ ਵਿਚ ਪ੍ਰਸਾਤਵ ਨਹੀਂ ਰੱਖਿਆ। ਨਾ ਇਹ ਪ੍ਰਸਤਾਵ ਕੈਬਨਿਟ ਵਿਚ ਪਾਸ ਕੀਤਾ ਗਿਆ ਤੇ ਨਾ ਹੀ ਪੰਜਾਬ ਦੇ ਰਾਜਪਾਲ ਕੋਲ ਹਸਤਾਖਰ ਕਰਵਾਓਣ ਲਈ ਪਹੁੰਚਿਆ। ਕੁਝ ਲੋਕਾਂ ਨੇ ਕਿਹਾ ਸੀ ਕਿ ਇਸ ਵਿਚ ਨਵਜੋਤ ਸਿੰਘ ਸਿੱਧੂ ਦਾ ਨਾਮ ਹੀ ਸ਼ਾਮਿਲ ਨਹੀਂ ਸੀ।