ਛੱਤੀਸਗੜ੍ਹ ਸਰਕਾਰ ਵੱਲੋ ਪਹਿਲੀ ਵਾਰ ਥਰਡ ਜੈਂਡਰ ਦੇ ਲੋਕਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਹੁਣ ਤੱਕ ਇਸ ਤਰ੍ਹਾਂ ਦੀ ਪੈਨਸ਼ਨ ਸਮਾਜ ਭਲਾਈ ਵਿਭਾਗ ਵੱਲੋਂ ਸਿਰਫ਼ ਬਜ਼ੁਰਗਾਂ, ਅਪਾਹਜ , ਬੇਸਹਾਰਾ ਤੇ ਵਿਧਵਾਵਾਂ ਨੂੰ ਹੀ ਪੈਨਸ਼ਨ ਦਿੱਤੀ ਜਾਂਦੀ ਸੀ ਪਰ ਹੁਣ ਸੂਬਾ ਸਰਕਾਰ ਨੇ ਥਰਡ ਜੈਂਡਰ ਵਾਲਿਆਂ ਨੂੰ ਵੀ ਪੈਨਸ਼ਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਅਜਿਹੇ ਲੋਕ ਵਿਭਾਗ ਦੀ ਵੈੱਬਸਾਈਟ ਵਿਚ ਆਨਲਾਈਨ ਅਪਲਾਈ ਕਰ ਸਕਦੇ ਹਨ । ਵਿਭਾਗ ਨੇ ਹੁਣ ਤਕ 3058 ਥਰਡ ਜੈਂਡਰਾਂ ਦੀ ਪਛਾਣ ਵੀ ਹੋ ਗਈ ਹੈ | ਇਨ੍ਹਾਂ ਵਿਚੋਂ 1229 ਨੂੰ ਪਛਾਣ ਪੱਤਰ ਵੀ ਦੇ ਦਿੱਤੇ ਗਏ ਹਨ। ਇਸ ਤੋਂ ਇਲਾਵਾ 1829 ਨੂੰ ਪ੍ਰਮਾਣ ਪੱਤਰ ਜਾਰੀ ਕਰਨ ਦਾ ਕੰਮ ਹੋ ਰਿਹਾ ਹੈ।
1 ਮਾਰਚ ਤੋਂ ਹਾਲੇ ਤੱਕ 600 ਤੋਂ ਵਧ ਥਰਡ ਜੈਂਡਰਾਂ ਨੇ ਪੈਨਸ਼ਨ ਲਈ ਅਰਜ਼ੀਆਂ ਜਮ੍ਹਾ ਵੀ ਕਰਾ ਦਿੱਤੀਆਂ ਹਨ। ਵਿਭਾਗ ਵੱਲੋਂ ਇਨ੍ਹਾਂ ਅਰਜ਼ੀਆਂ ਦੀ ਪਛਾਣ ਤੋਂ ਬਾਅਦ 350 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਣੀ ਹੈ । ਇਹ ਰਕਮ ਉਨ੍ਹਾਂ ਦੇ ਦੱਸੇ ਖਾਤਿਆਂ ਵਿਚ ਆਨਲਾਈਨ ਜਮ੍ਹਾ ਕਰਵਾਈ ਜਾਣੀ ਹੈ ।
ਥਰਡ ਜੈਂਡਰ ਦੇ ਲੋਕਾਂ ਨੂੰ ਅਪਲਾਈ ਕਰਨ ਵਿਚ ਛੋਟ ਵੀ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਸੇ ਵੀ ਵਿਭਾਗ ਤੋਂ ਇਹ ਪ੍ਰਮਾਣਿਤ ਕਰਵਾਉਣ ਦੀ ਲੋੜ ਨਹੀਂ ਹੋਵੇਗੀ ਕਿ ਉਹ ਥਰਡ ਜੈਂਡਰ ਦੀ ਕੈਟਾਗਰੀ ਦੇ ਹਨ। ਉਨ੍ਹਾਂ ਨੇ ਸਿਰਫ ਐਲਾਨ ਪੱਤਰ ਦੇਣਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਦੀ ਫੋਟੋ ਲਗਾਉਣਾ ਵੀ ਜ਼ਰੂਰੀ ਹੈ।
ਵਿਭਾਗ ਨੇ ਇਸ ਯੋਜਨਾ ਦਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਦੋ ਹਫਤੇ ਵਿਚ ਹੀ ਸੈਂਕੜੇ ਅਰਜ਼ੀਆਂ ਜਮ੍ਹਾ ਹੋ ਚੁੱਕੀਆਂ ਹਨ। ਸਭ ਤੋਂ ਵੱਧ ਅਰਜ਼ੀਆਂ ਰਾਏਪੁਰ ਜ਼ਿਲ੍ਹੇ ਤੋਂ ਜਮ੍ਹਾ ਹੋਈਆਂ ਹਨ। ਛੱਤੀਸਗੜ੍ਹ ਸਰਕਾਰ ਨੇ ਇਸ ਸਾਲ ਦੇ ਬਜਟ ਵਿਚ ਵੀ ਥਰਡ ਜੈਂਡਰਾਂ ਲਈ ਰਕਮ ਦਾ ਪ੍ਰਬੰਧ ਕਰ ਦਿੱਤਾ ਹੈ।