ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ‘ਚ ਸੋਮਵਾਰ ਨੂੰ ਹੋਲੀ ਖੇਡ ਰਹੇ ਕੁਝ ਹਿੰਦੂ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ ਹੈ । ਕੱਟੜਪੰਥੀ ਇਸਲਾਮੀ ਵਿਦਿਆਰਥੀ ਸੰਗਠਨ ਇਸਲਾਮੀ ਜਮੀਅਤ ਤੁਲਬਾ (ਆਈਜੇਟੀ) ਨਾਲ ਸਬੰਧਤ ਲੋਕਾਂ ਵੱਲੋਂ ਹਿੰਦੂ ਵਿਦਿਆਰਥੀਆਂ ਤੇ ਹਮਲਾ ਕੀਤਾ ਗਿਆ, ਜਿਸ ਵਿੱਚ 15 ਵਿਦਿਆਰਥੀ ਫੱਟੜ ਹੋ ਗਏ। ਹਾਲਾਂਕਿ, ਆਈਜੇਟੀ ਨੇ ਹਮਲੇ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਮਾਮਲੇ ਨਾਲ ਜੁੜੀਆਂ ਕਈ ਤਸਵੀਰਾ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ।
ਪੰਜਾਬ ਯੂਨੀਵਰਸਿਟੀ ਦੇ PU ਲਾਅ ਕਾਲਜ ਵਿੱਚ ਕੁਝ ਵਿਦਿਆਰਥੀ ਹੋਲੀ ਖੇਡਣ ਲਈ ਤਿਆਰ ਹੋਏ ਸੀ । ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਲਈ ਕਾਲਜ ਪ੍ਰਸ਼ਾਸਨ ਤੋਂ ਮਨਜ਼ੂਰੀ ਵੀ ਲਈ ਸੀ। ਸਿੰਧ ਕੌਂਸਲ ਦੇ ਜਨਰਲ ਸਕੱਤਰ ਕਾਸ਼ਿਫ ਬ੍ਰੋਹੀ ਨੇ ਦੱਸਿਆ ਕਿ ਇਵੈਂਟ ਦੌਰਾਨ ਇਕਦਮ ਆਈਜੇਟੀ ਦੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਹੋਲੀ ਮਨਾਉਣ ਦੀ ਸੂਚਨਾ ਪ੍ਰਾਪਤ ਕੀਤੀ ਸੀ ।
ਇਸ ਸਾਰੇ ਮਾਮਲੇ ਤੋਂ ਬਾਅਦ ਵਿਦਿਆਰਥੀ ਵਾਈਸ-ਚਾਂਸਲਰ ਦਫਤਰ ਦੇ ਬਾਹਰ ਧਰਨਾ ਦੇਣ ਇਕੱਠੇ ਹੋਏ ਸਨ। ਇੱਥੇ ਕਈ ਗਾਰਡਾਂ ਨੇ ਵੀ ਉਨ੍ਹਾਂ ਨੂੰ ਕੁਟਿਆ । ਗਾਰਡਾਂ ਨੇ ਲਗਭਗ 5-6 ਵਿਦਿਆਰਥੀਆਂ ਨੂੰ ਵੈਨ ਵਿੱਚ ਬੰਦ ਕਰ ਦਿੱਤਾ ਤਾਂ ਜੋ ਉਹ ਵਿਰੋਧ ਨਾ ਕਰ ਸਕਣ। ਲੜਾਈ ‘ਚ ਜ਼ਖਮੀ ਹੋਏ ਵਿਦਿਆਰਥੀ ਖੇਤ ਕੁਮਾਰ ਨੇ ਦੱਸਿਆ ਹੈ ਕਿ ਅਸੀਂ ਵਾਈਸ-ਚਾਂਸਲਰ ਦੇ ਦਫਤਰ ਦੇ ਬਾਹਰ ਆਈਜੇਟੀ ਵਰਕਰਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸੀ। ਫਿਰ ਕਾਲਜ ਦੇ ਗਾਰਡ ਉੱਥੇ ਆਏ ਅਤੇ ਸਾਡੀ ਕੁੱਟਮਾਰ ਸ਼ੁਰੂ ਕਰ ਦਿੱਤੀ । ਅਸੀਂ ਪੁਲਿਸ ਕੋਲ ਸ਼ਿਕਾਇਤ ਕਰਨ ਵੀ ਗਏ ਪਰ ਉਨ੍ਹਾਂ ਨੇ ਹਾਲੇ ਤੱਕ ਸਾਡੀ FIR ਦਰਜ ਨਹੀਂ ਕੀਤੀ।
ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁਰਰਮ ਸ਼ਹਿਜ਼ਾਦ ਨੇ ਕਿਹਾ ਕਿ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਲਾਅਨ ਵਿੱਚ ਹੋਲੀ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਉਨ੍ਹਾਂ ਨੂੰ ਅੰਦਰ ਹੋਲੀ ਖੇਡਣ ਲਈ ਕਿਹਾ ਸੀ । ਬੁਲਾਰੇ ਅਨੁਸਾਰ ਵਾਈਸ-ਚਾਂਸਲਰ ਦੇ ਹੁਕਮਾਂ ਤੋਂ ਬਾਅਦ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਆਈਜੇਟੀ ਦੇ ਬੁਲਾਰੇ ਇਬਰਾਹਿਮ ਸ਼ਾਹਿਦ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੰਗਠਨ ਨਾਲ ਜੁੜੇ ਕਿਸੇ ਵਿਦਿਆਰਥੀ ਨੇ ਇਹ ਹਮਲਾ ਨਹੀਂ ਕੀਤਾ । ਉਸ ਦਿਨ ਕਾਲਜ ਵਿਚ ਕੁਰਾਨ ਪੜ੍ਹਨ ਲਈ ਮੀਟਿੰਗ ਰੱਖੀ ਗਈ ਸੀ ਅਤੇ ਇਸੇ ਵਜ੍ਹਾ ਕਾਰਨ ਉਹ ਕੈਂਪਸ ਵਿਚ ਨਹੀਂ ਸੀ।