ਰੂਪਨਗਰ (ਹਰਮੀਤ) : ਸ਼ਿਵਾਲਿਕ ਸਕੂਲ ਰੂਪਨਗਰ ਵਿਚ ਪਹਿਲੀ ਜਮਾਤ ਵਿਚ ਪੜ੍ਹਦੇ ਪੰਜ ਸਾਲਾ ਤੇਗਵੀਰ ਸਿੰਘ ਨੇ ਅਫਰੀਕਾ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਫ਼ਤਹਿ ਕਰ ਕੇ ਉੱਥੇ ਤਿਰੰਗਾ ਲਹਿਰਾ ਦਿੱਤਾ ਹੈ। ਤੇਗਵੀਰ ਸਿੰਘ ਨੇ ਜਿੱਥੇ ਰੂਪਨਗਰ ਦੇ ਨਾਲ-ਨਾਲ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਉਹ ਇਤਿਹਾਸ ਰਚਣ ਵਾਲਾ ਪਹਿਲਾ ਸਭ ਤੋਂ ਘੱਟ ਉਮਰ ਦਾ ਏਸ਼ੀਅਨ ਬਣ ਗਿਆ ਹੈ।
ਤੇਗਵੀਰ ਦੇ ਪਿਤਾ ਨੇ ਦੱਸਿਆ ਕਿ ਪੁੱਤਰ ਨੇ ਸਾਲ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਸੀ, ਜਦਕਿ ਕੋਚ ਨੇ ਇਸ ਤਿਆਰੀ ਦੌਰਾਨ ਉਸ ਨੂੰ ਆਪਣੇ ਦਿਲ ਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਦੀ ਸਿਖਲਾਈ ਦਿੱਤੀ। ਤੇਗਵੀਰ ਹਰ ਰੋਜ਼ ਘੱਟ ਤਾਪਮਾਨ ਤੇ ਔਖੀ ਚੜ੍ਹਾਈ ਵਿਚ ਅੱਠ ਤੋਂ ਦਸ ਕਿਲੋਮੀਟਰ ਤੱਕ ਆਪਣੇ ਨਾਲ ਤੁਰਿਆ ਤੇ ਬਰਫੀਲੇ ਤੂਫਾਨ ਦਾ ਵੀ ਸਾਹਮਣਾ ਕੀਤਾ। ਇਕ ਵਾਰ ਤਾਂ ਆਖ਼ਰੀ ਸਟਾਪ ਰੱਦ ਕਰ ਕੇ ਵਾਪਸ ਪਰਤਣ ਦੀ ਸਥਿਤੀ ਬਣ ਗਈ ਸੀ ਪਰ ਦੂਜੀ ਕੋਸ਼ਿਸ਼ ਸਫਲ ਰਹੀ। ਉਨ੍ਹਾਂ ਦੱਸਿਆ ਕਿ ਇਸ ਫ਼ਤਿਹ ਯਾਤਰਾ ਵਿਚ ਤੇਗਵੀਰ ਨਾਲ ਦੋ ਗਾਈਡ ਅਤੇ ਦੋ ਸਹਾਇਕ ਸਟਾਫ ਮੈਂਬਰ ਸ਼ਾਮਲ ਸਨ। ਤੇਗਵੀਰ ਦੀ ਮਾਤਾ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਪੁੱਤਰ ਨੇ ਨਿਰਧਾਰਤ ਖੁਰਾਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ | ਇਸ ਤੋਂ ਪਹਿਲਾਂ ਅਪ੍ਰੈਲ 2024 ਵਿਚ ਤੇਗਵੀਰ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ ਟ੍ਰੈਕ ਨੂੰ ਫ਼ਤਹਿ ਕੀਤਾ ਸੀ, ਹੁਣ ਤੇਗਵੀਰ ਸਮੇਤ ਉਨ੍ਹਾਂ ਦੀ ਪੂਰੀ ਟੀਮ 30 ਅਗਸਤ ਨੂੰ ਰੂਪਨਗਰ ਪਹੁੰਚ ਜਾਵੇਗੀ।