ਲੁਧਿਆਣਾ ਨੇੜੇ ਖੰਨਾ ‘ਚ 5 ਸਾਲਾ ਬੱਚੀ ਦੇ ਕਤਲ ‘ਚ ਵੱਡਾ ਖੁਲਾਸਾ ਹੋਇਆ ਹੈ। ਦੋਸ਼ੀ ਨੇ ਆਪਣੀ ਪਤਨੀ ਨੂੰ ਨਹਿਰ ‘ਚ ਧੱਕਾ ਦੇਣ ਦਾ ਸੋਚਿਆ ਸੀ ਪਰ ਬੇਟੀ ਉਸ ਦੇ ਹੱਥੋਂ ਤਿਲਕ ਗਈ। ਦੋਸ਼ੀ ਵਿਅਕਤੀ ਦੇ ਅਮਰਗੜ੍ਹ ਦੀ ਰਹਿਣ ਵਾਲੀ ਆਪਣੀ ਸਾਲੀ ਨਾਲ ਪ੍ਰੇਮ ਸਬੰਧ ਸੀ। ਦੋਸ਼ੀ ਨੇ ਸਾਲੀ ਦੇ ਕਹਿਣ ‘ਤੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ।
ਮੁਲਜ਼ਮ ਦੀ ਪਤਨੀ ਮਾਨਸਿਕ ਤੌਰ ’ਤੇ ਘੱਟ ਸਮਝ ਸਕਦੀ ਸੀ। ਸਾਲੀ ਨਾਲ ਮਿਲ ਕੇ ਉਸ ਨੇ ਆਪਣੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਨਹਿਰ ‘ਤੇ ਪਤਨੀ ਨਾਲ ਲੜਾਈ ਹੋਣ ਕਰਕੇ ਬੱਚੀ ਹੱਥ ਤੋਂ ਫਿਸਲ ਕੇ ਨਹਿਰ ‘ਚ ਡਿੱਗ ਗਈ। ਫਰਾਰ ਮੁਲਜ਼ਮ ਪਿਤਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਗੌਣਸਾਲਾ ਅਤੇ ਸਾਲੀ ਸੁਖਵਿੰਦਰ ਕੌਰ ਵਾਸੀ ਅਮਰਗੜ੍ਹ ਵਜੋਂ ਹੋਈ ਹੈ। ਮ੍ਰਿਤਕ ਬੱਚੀ ਦਾ ਨਾਮ ਸੁਖਮਨਪ੍ਰੀਤ ਕੌਰ ਹੈ। ਮੁਲਜ਼ਮ ਦਾ ਇੱਕ ਅੱਠ ਸਾਲਾ ਪੁੱਤਰ ਵੀ ਹੈ।
SSP ਅਮਨੀਤ ਕੌਂਡਲ ਨੇ ਦੱਸਿਆ ਕਿ ਗੁਰਪ੍ਰੀਤ ਦਾ ਵਿਆਹ ਲੁਧਿਆਣਾ ਦੀ ਗੁਰਜੀਤ ਕੌਰ ਨਾਲ ਹੋਇਆ ਹੈ। ਉਹ ਆਪਣੇ ਭਰਾ ਗੁਰਚਰਨ ਸਿੰਘ ਤੋਂ ਅਲੱਗ ਰਹਿੰਦਾ ਸੀ। ਮੁਲਜ਼ਮ ਗੁਰਪ੍ਰੀਤ ਸਿੰਘ ਆਪਣੀ ਪਤਨੀ ਗੁਰਜੀਤ ਕੌਰ ਨੂੰ ਝੂਠ ਬੋਲ ਕੇ ਨਹਿਰ ਤੇ ਲੈ ਕੇ ਗਿਆ ਕਿ ਉਹ ਬੱਚਿਆਂ ਦੇ ਹੱਥੋਂ ਨਹਿਰ ‘ਚ ਨਾਰੀਅਲ ਸੁੱਟ ਕੇ ਉਪਾਅ ਕਰਨਾ ਚਾਹੁੰਦਾ ਹੈ।
ਪਤਨੀ ਅਤੇ ਧੀ ਨੂੰ ਬਾਈਕ ‘ਤੇ ਬਿਠਾ ਕੇ ਨਹਿਰ ਤੇ ਲੈ ਕੇ ਗਏ ਤਾਂ ਮੁਲਜ਼ਮ ਨੇ ਗੁਰਜੀਤ ਕੌਰ ਨੂੰ ਨਹਿਰ ‘ਚ ਧੱਕਾ ਦੇਣਾ ਚਾਹੁੰਦਾ ਸੀ ਪਰ ਬੱਚੀ ਉਸ ਦੇ ਹੱਥ ਤੋਂ ਖਿਸਕ ਕੇ ਡਿੱਗ ਗਈ। ਪਤਨੀ ਨੂੰ ਧਮਕੀਆਂ ਦੇ ਕੇ ਮੁਲਜ਼ਮ ਉਸ ਨੂੰ ਘਰ ਵਾਪਸ ਲੈ ਆਇਆ।
ਗੁਰਚਰਨ ਸਿੰਘ ਨੇ ਆਪਣੇ ਮੁਲਜ਼ਮ ਭਰਾ ਗੁਰਪ੍ਰੀਤ ਸਿੰਘ ਨੂੰ ਧੀ ਸੁਖਮਨਪ੍ਰੀਤ ਬਾਰੇ ਪੁੱਛਿਆ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਝੂਠੀ ਗੱਲ ਬਣਾ ਕੇ ਸੁਣਾ ਦਿੱਤੀ ਕਿ ਕਿਸੇ ਬਾਬੇ ਨੇ ਉਸ ਨੂੰ ਦੱਸਿਆ ਸੀ ਕਿ ਧੀ ਦੀ ਬਲੀ ਦੇ, ਨਹੀਂ ਤਾਂ ਮਾਂ ਦੀ ਜਾਨ ਨੂੰ ਖਤਰਾ ਰਹੇਗਾ, ਇਸ ਲਈ ਉਸ ਨੇ ਧੀ ਨੂੰ ਨਹਿਰ ‘ਚ ਸੁੱਟ ਦਿੱਤਾ।
ਜਦੋਂ ਪੁਲਿਸ ਨੇ ਮੁਲਜ਼ਮ ਨੂੰ ਫੜਿਆ ਤਾਂ ਉਸ ਦੇ ਸਾਲੀ ਨਾਲ ਨਾਜਾਇਜ਼ ਸਬੰਧ ਸਾਹਮਣੇ ਆ ਗਏ । ਥਾਣਾ ਸਦਰ ਦੀ ਪੁਲਿਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਲੀ ਸੁਖਵਿੰਦਰ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।