ਦਿੱਲੀ ਦੇ ਨਿੱਕੀ ਯਾਦਵ ਕਤਲ ਕਾਂਡ ‘ਚ ਪੁਲਿਸ ਨੇ ਦੋਸ਼ੀ ਸਾਹਿਲ ਗਹਿਲੋਤ ਦੇ ਪਿਤਾ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰਿਆਂ ‘ਤੇ ਦੋਸ਼ੀਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨਿੱਕੀ ਦੀ ਲਾਸ਼ ਨੂੰ ਫਰਿੱਜ ਵਿੱਚ ਛੁਪਾਉਣ ਵਿੱਚ ਪਰਿਵਾਰਕ ਮੈਂਬਰਾਂ ਨੇ ਤੇ ਇੱਕ ਦੋਸਤ ਨੇ ਮੁਲਜ਼ਮ ਦੀ ਮਦਦ ਕੀਤੀ ਸੀ।
ਪੁਲਿਸ ਦੇ ਅਨੁਸਾਰ ਅਕਤੂਬਰ 2020 ‘ਚ ਸਾਹਿਲ ਨੇ ਨੋਇਡਾ ਦੇ ਆਰੀਆ ਸਮਾਜ ਮੰਦਰ ‘ਚ ਨਿੱਕੀ ਨਾਲ ਵਿਆਹ ਕੀਤਾ ਸੀ ਪਰ ਦੋਸ਼ੀ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਤੋਂ ਖੁਸ਼ ਨਹੀਂ ਸੀ। ਪੁਲਿਸ ਨੇ ਸਾਹਿਲ ਅਤੇ ਨਿੱਕੀ ਦੇ ਵਿਆਹ ਨਾਲ ਸਬੰਧਤ ਸਰਟੀਫਿਕੇਟ ਵੀ ਬਰਾਮਦ ਕਰ ਲਏ ਹਨ |
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੇ ਪਰਿਵਾਰ ਵਾਲਿਆਂ ਨੂੰ ਸਾਹਿਲ ਅਤੇ ਨਿੱਕੀ ਦੇ ਵਿਆਹ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਇਸ ਦੇ ਬਾਵਜੂਦ ਦਸੰਬਰ 2022 ‘ਚ ਉਸ ਦਾ ਵਿਆਹ ਕਿਤੇ ਹੋਰ ਤੈਅ ਕੀਤਾ ਗਿਆ । ਲੜਕੀ ਦੇ ਪਰਿਵਾਰ ਵਾਲਿਆਂ ਤੋਂ ਇਹ ਗੱਲ ਵੀ ਛੁਪੀ ਹੋਈ ਸੀ ਕਿ ਸਾਹਿਲ ਪਹਿਲਾਂ ਹੀ ਵਿਆਹਿਆ ਹੋਇਆ ਸੀ।
ਖ਼ਬਰਾਂ ਦੇ ਅਨੁਸਾਰ ਦੋਸ਼ੀ ਦੇ ਪਿਤਾ ਨੂੰ ਪਤਾ ਸੀ ਕਿ ਉਨ੍ਹਾਂ ਦੇ ਬੇਟੇ ਨੇ ਨਿੱਕੀ ਦਾ ਕਤਲ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਪਿਤਾ ਵਰਿੰਦਰ ਸਿੰਘ, ਭਰਾ ਆਸ਼ੀਸ਼ ਅਤੇ ਨਵੀਨ, ਦੋਸਤਾਂ ਲੋਕੇਸ਼ ਅਤੇ ਅਮਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਸਾਰਿਆਂ ‘ਤੇ ਹੱਤਿਆ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਲਈ ਆਈਪੀਸੀ ਦੀ ਧਾਰਾ 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਸਾਹਿਲ ਗਹਿਲੋਤ 9 ਫਰਵਰੀ ਨੂੰ ਆਪਣੀ ਮੰਗਣੀ ਤੋਂ ਬਾਅਦ ਕਰੀਬ 1 ਵਜੇ (10 ਫਰਵਰੀ) ਆਪਣੇ ਚਚੇਰੇ ਭਰਾ ਦੀ ਕਾਰ ਵਿੱਚ ਨਿੱਕੀ ਦੇ ਘਰ ਪਹੁੰਚਿਆ ਸੀ। ਨਿੱਕੀ ਦੀ ਭੈਣ ਵੀ ਉੱਥੇ ਮੌਜੂਦ ਸੀ। ਸਵੇਰੇ ਕਰੀਬ 5 ਵਜੇ ਉਹ ਨਿੱਕੀ ਨੂੰ ਲੈ ਕੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਪਹੁੰਚਿਆ।
ਪੁਲਿਸ ਨੇ ਅੱਗੇ ਦੱਸਿਆ ਕਿ ਸਾਹਿਲ ਦਾ ਵਿਆਹ 10 ਫਰਵਰੀ ਨੂੰ ਹੀ ਹੋਣਾ ਸੀ, ਇਸ ਲਈ ਉਸਦੇ ਪਰਿਵਾਰ ਵਾਲੇ ਉਸਨੂੰ ਲਗਾਤਾਰ ਫ਼ੋਨ ਕਰ ਰਹੇ ਸਨ। ਜਦੋਂ ਨਿੱਕੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਸਵੇਰੇ 9 ਵਜੇ ਦੇ ਕਰੀਬ ਸਾਹਿਲ ਨੇ ਕਸ਼ਮੀਰੀ ਗੇਟ ਇਲਾਕੇ ਵਿੱਚ ਹੀ ਕਾਰ ਦੇ ਅੰਦਰ ਇੱਕ ਡਾਟਾ ਕੇਬਲ ਨਾਲ ਨਿੱਕੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਥੇ ਹੀ ਉਸਦੀ ਮੌਤ ਹੋ ਗਈ।
ਪੁਲਿਸ ਨੇ ਖੁਲਾਸਾ ਕੀਤਾ ਕਿ ਨਿੱਕੀ ਦੀ 10 ਫਰਵਰੀ ਨੂੰ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਇਕ ਦਿਨ ਪਹਿਲਾਂ ਸਾਹਿਲ ਆਪਣੇ ਪਰਿਵਾਰ ਦੀ ਪਸੰਦ ਦੀ ਲੜਕੀ ਨਾਲ ਮੰਗਣੀ ਕਰਵਾ ਕੇ ਵਾਪਸ ਆਇਆ ਸੀ। ਕਤਲ ਵਾਲੇ ਦਿਨ ਉਹ ਆਪਣੇ ਘਰ ਵਾਪਸ ਚਲਾ ਗਿਆ ਅਤੇ ਧੂਮ-ਧਾਮ ਨਾਲ ਵਿਆਹ ਕਰਵਾ ਲਿਆ। ਵਿਆਹ ਦੌਰਾਨ ਉਸ ਦੇ ਚਿਹਰੇ ‘ਤੇ ਕੋਈ ਚਿੰਤਾ ਵੀ ਨਹੀਂ ਸੀ,ਅਜਿਹਾ ਬਿਲਕੁਲ ਨਹੀਂ ਲੱਗਾ ਕਿ ਉਸ ਨੇ ਕੁਝ ਸਮਾਂ ਪਹਿਲਾਂ ਕਿਸੇ ਲੜਕੀ ਦਾ ਕਤਲ ਕੀਤਾ ਸੀ।