ਅੱਜ ਯਾਨੀ 23 ਮਈ ਤੋਂ ਦੇਸ਼ ਦੇ ਸਭ ਬੈਂਕਾਂ ‘ਚ 2000 ਦੇ ਨੋਟ ਬਦਲਣੇ ਸ਼ੁਰੂ ਹੋ ਗਏ ਹਨ| ਦੱਸ ਦਈਏ ਕਿ 19 ਮਈ ਨੂੰ ਰਿਜ਼ਰਵ ਬੈਂਕ ਓਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ। 30 ਸਤੰਬਰ ਤੱਕ ਬੈਂਕਾਂ ਵਿੱਚ ਜਾ ਕੇ ਲੋਕ 2000 ਦੇ ਨੋਟ ਬਦਲੀ ਕਰਵਾ ਸਕਦੇ ਹਨ ਜਾਂ ਆਪਣੇ ਖਾਤੇ ਵਿੱਚ ਜਮ੍ਹਾ ਕਰਾ ਸਕਦੇ ਨੇ । ਆਰਬੀਆਈ ਦੇ ਦਿੱਤੇ ਸਮੇਂ ਤੋਂ ਮਗਰੋਂ ਵੀ 2000 ਦਾ ਨੋਟ ਕਾਨੂੰਨੀ ਰਹਿਣ ਵਾਲਾ ਹੈ।
ਆਰਬੀਆਈ ਵੱਲੋ ਦਿੱਤਾ ਇਹ ਸਮਾਂ ਕੇਵਲ ਲੋਕਾਂ ਨੂੰ 2000 ਦਾ ਨੋਟ ਛੇਤੀ ਤੋਂ ਛੇਤੀ ਬੈਂਕਾਂ ਨੂੰ ਮੋੜਨ ਲਈ ਹੱਲਾਸ਼ੇਰੀ ਦੇਣ ਵਾਸਤੇ ਦਿੱਤਾ ਗਿਆ ਹੈ। ਬੈਂਕਾਂ ਵੱਲੋ 2000 ਦੇ ਨੋਟ ਹੁਣ ਜਾਰੀ ਨਹੀਂ ਹੋਣਗੇ।
2000 ਦਾ ਨੋਟ ਬਦਲਣ ਲਈ ਕਿਸੇ ਵੀ ਆਈਡੀ ਦੀ ਜ਼ਰੂਰਤ ਨਹੀਂ ਹੈ ਅਤੇ ਕੋਈ ਵੀ ਫਾਰਮ ਭਰਨ ਦੀ ਲੋੜ ਵੀ ਨਹੀਂ ਪੈਣ ਵਾਲੀ। RBI ਨੇ ਇਹ ਪਹਿਲਾ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਨੋਟ ਬਦਲੀ ਕਰਨ ਲਈ ਕਿਸੇ ਵੀ ਖਾਤੇ ਦੀ ਜ਼ਰੂਰਤ ਨਹੀਂ ਪਵੇਗੀ। ਗਾਹਕ ਕਿਸੇ ਵੀ ਬੈਂਕ ਵਿੱਚ ਜਾ ਕੇ ਆਪਣੇ ਨੋਟ ਬਦਲਾਅ ਸਕਦੇ ਹਨ।