ਜੰਮੂ (ਰਾਘਵ) : ਜੰਮੂ-ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ ਡੋਡਾ ਜ਼ਿਲੇ ‘ਚ ਦੋ ਹਮਲਿਆਂ ‘ਚ ਸ਼ਾਮਲ 4 ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਦੱਸ ਦਈਏ ਕਿ ਮੰਗਲਵਾਰ ਨੂੰ ਭਦਰਵਾਹ ਦੇ ਛਤਰਗੱਲਾ ‘ਚ ਅੱਤਵਾਦੀਆਂ ਨੇ 4 ਰਾਸ਼ਟਰੀ ਰਾਈਫਲਜ਼ ਅਤੇ ਪੁਲਸ ਦੀ ਸਾਂਝੀ ਚੌਕੀ ‘ਤੇ ਗੋਲੀਬਾਰੀ ਕੀਤੀ ਸੀ। ਬੁੱਧਵਾਰ ਨੂੰ ਜ਼ਿਲੇ ਦੇ ਗੰਡੋਹ ਇਲਾਕੇ ‘ਚ ਸਰਚ ਪਾਰਟੀ ‘ਤੇ ਹਮਲਾ ਕੀਤਾ ਗਿਆ, ਜਿਸ ‘ਚ ਇਕ ਪੁਲਸ ਕਰਮਚਾਰੀ ਸਮੇਤ 7 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ, ‘ਜੰਮੂ-ਕਸ਼ਮੀਰ ਪੁਲਿਸ ਨੇ 4 ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ, ਜੋ ਮੰਨਿਆ ਜਾ ਰਿਹਾ ਹੈ ਕਿ ਉਹ ਭਦਰਵਾਹ, ਠਠਰੀ, ਗੰਡੋਹ ਦੇ ਉਪਰਲੇ ਇਲਾਕਿਆਂ ‘ਚ ਮੌਜੂਦ ਹਨ ਅਤੇ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਹਰੇਕ ਅੱਤਵਾਦੀ ‘ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਲੋਕਾਂ ਨੂੰ ਇਨ੍ਹਾਂ ਅੱਤਵਾਦੀਆਂ ਦੀ ਮੌਜੂਦਗੀ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।