ਪੰਜਾਬ ‘ਚ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ 24 ਫਰਵਰੀ ਨੂੰ ਪ੍ਰਸ਼ਨ ਪੱਤਰ ਲੀਕ ਹੋ ਜਾਣ ਕਾਰਨ ਰੱਦ ਕੀਤਾ ਗਿਆ ਸੀ। ਇਸ ਮਗਰੋਂ ਅੱਗੇ ਦੀ ਤਰੀਕ 24 ਮਾਰਚ ਵਿਭਾਗ ਵੱਲੋ ਐਲਾਨ ਕਰ ਦਿੱਤਾ ਗਿਆ ਸੀ। ਇਸ ਮਿਤੀ ਨੂੰ ਵੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਦੋ ਪ੍ਰੀਖਿਆ ਸੈਂਟਰਾਂ ‘ਚ ਪੁਰਾਣਾ ਲੀਕ ਹੋਇਆ ਪ੍ਰਸ਼ਨ ਪੱਤਰ ਹੀ ਵੰਡਿਆ ਗਿਆ ਸੀ| ਇਹ ਪ੍ਰੀਖਿਆ ਸੈਂਟਰ ਲੁਧਿਆਣਾ ਤੇ ਫਿਰੋਜ਼ਪੁਰ ਵਿੱਚ ਹੈ।
ਜਾਣਕਾਰੀ ਦੇ ਅਨੁਸਾਰ ਲੁਧਿਆਣਾ ਦਾ ਸਰਕਾਰੀ ਸੈਕੰਡਰੀ ਸਕੂਲ ਹਲਵਾਰਾ ਤੇ ਫਿਰੋਜ਼ਪੁਰ ਦਾ ਸਾਹਿਬਜ਼ਾਦਾ ਫਤਿਹ ਸਿੰਘ ਪਬਲਿਕ ਸਕੂਲ ਨਾਲ ਸਬੰਧਤ ਹੈ। ਇਨ੍ਹਾਂ ਦੋ ਪ੍ਰੀਖਿਆ ਸੈਂਟਰਾਂ ਦੇ ਕੁੱਲ 185 ਵਿਦਿਆਰਥੀ ਤੀਸਰੀ ਵਾਰ 22 ਮਈ ਨੂੰ ਅੰਗਰੇਜ਼ੀ ਦਾ ਪੇਪਰ ਦੇਣ ਵਾਲੇ ਹਨ। ਅਫ਼ਸਰਾਂ ਦੀ ਅਣਗਹਿਲੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਮਾਰਕਿੰਗ ਵੇਲੇ ਪ੍ਰੀਖਿਆ ਦੀ ਜਾਂਚ ਕਰ ਰਹੇ ਸਟਾਫ਼ ਨੇ ਅਲੱਗ-ਅਲੱਗ ਪ੍ਰਸ਼ਨ ਪੱਤਰ ਦੇਖੇ।
ਗੁਰੂਸਰ ਸੁਧਾਰ ਵਿਚ ਜੀਐੱਚਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ 118 ਵਿਦਿਆਰਥੀ ਲੁਧਿਆਣਾ ਦੇ ਪ੍ਰੀਖਿਆ ਸੈਂਟਰ ਵਿਚ ਮੌਜੂਦ ਸਨ। ਇਸੇ ਸਕੂਲ ਦੇ ਪ੍ਰਬੰਧਕਾਂ ਨੇ ਆਖਿਆ ਹੈ ਕਿ ਸਕੂਲ ਨੂੰ 12 ਮਈ ਨੂੰ ਈ-ਮੇਲ ਪ੍ਰਾਪਤ ਹੋਈ ਕਿ ਪ੍ਰੀਖਿਆ 18 ਮਈ ਨੂੰ ਫਿਰ ਤੋਂ ਹੋਵੇਗੀ ਪਰ ਇੰਨੇ ਥੋੜੇ ਸਮੇਂ ‘ਚ ਵਿਦਿਆਰਥੀਆਂ ਵਾਸਤੇ ਆਪਣੇ ਆਪ ਨੂੰ ਨਵੀਂ ਸਥਿਤੀ ਲਈ ਤਿਆਰ ਕਰਨਾ ਔਖਾ ਸੀ, ਇਸ ਕਾਰਨ ਸਬੰਧਤ ਅਧਿਕਾਰੀਆਂ ਕੋਲ ਪੁੱਜੇ।
PSEB ਦੇ ਪ੍ਰਧਾਨ ਨਾਲ ਵੀ ਗੱਲ ਕੀਤੀ ਗਈ। ਉਨ੍ਹਾਂ ਨੂੰ ਅਪੀਲ ਕਰਨ ਤੋਂ ਮਗਰੋਂ ਬੋਰਡ ਤੋਂ 22 ਮਈ ਨੂੰ ਨੇੜੇ ਦੇ ਇਕ ਸੈਂਟਰ ‘ਤੇ ਪ੍ਰੀਖਿਆ ਫਿਰ ਤੋਂ ਕਰਵਾਉਣ ‘ਤੇ ਸਹਿਮਤੀ ਦਿੱਤੀ ਹੈ। ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪ੍ਰੀਖਿਆ ਸੈਂਟਰ ‘ਤੇ ਅਫਸਰਾਂ ਦੀ ਅਣਗਿਹਲੀ ਦੀ ਵਜ੍ਹਾ ਨਾਲ ਇਹ ਮਸਲਾ ਹੋਇਆ ਹੈ । ਉਨ੍ਹਾਂ ਅੱਗੇ ਦੱਸਿਆ ਕਿ ਬੋਰਡ ਨੇ ਇਸ ਮਸਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ ਤੇ ਜਿਨ੍ਹਾਂ ਲੋਕਾਂ ਦੀ ਗ਼ਲਤੀ ਹੈ,ਉਨ੍ਹਾਂ ਵਿਰੁੱਧ ਐਕਸ਼ਨ ਲਿਆ ਜਾਵੇਗਾ।