ਲਿਲੋਂਗਵੇ (ਰਾਘਵ) : ਪੂਰਬੀ ਅਫਰੀਕੀ ਦੇਸ਼ ਮਾਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਉਨ੍ਹਾਂ ਨੂੰ ਲੈ ਕੇ ਜਾ ਰਹੇ ਮਲਾਵੀ ਡਿਫੈਂਸ ਫੋਰਸ ਦੇ ਜਹਾਜ਼ ਦਾ ਸੋਮਵਾਰ ਸਵੇਰੇ ਸੰਪਰਕ ਟੁੱਟ ਗਿਆ। ਇਸ ਤੋਂ ਬਾਅਦ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਤੋਂ ਬਾਅਦ ਪਤਾ ਲੱਗਾ ਕਿ ਸੌਲੋਸ ਦੀ ਮੌਤ ਹੋ ਚੁੱਕੀ ਹੈ। ਮਲਾਵੀ ਦੇ ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਦੇ ਜਹਾਜ਼ ਦਾ ਮਲਬਾ 24 ਘੰਟੇ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਬਰਾਮਦ ਕਰ ਲਿਆ ਗਿਆ ਹੈ। ਜਹਾਜ਼ ‘ਚ ਉਪ ਰਾਸ਼ਟਰਪਤੀ ਤੋਂ ਇਲਾਵਾ 9 ਹੋਰ ਲੋਕ ਸਵਾਰ ਸਨ, ਹਾਦਸੇ ‘ਚ ਸਾਰੇ 10 ਲੋਕਾਂ ਦੀ ਜਾਨ ਚਲੀ ਗਈ।
ਰਾਸ਼ਟਰਪਤੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ (51) ਅਤੇ ਸਾਬਕਾ ਪਹਿਲੀ ਮਹਿਲਾ ਚੇਨੀਲ ਜਿਮਬਿਰੀ ਨੂੰ ਲੈ ਕੇ ਜਾ ਰਿਹਾ ਜਹਾਜ਼ ਸੋਮਵਾਰ ਸਵੇਰੇ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲਿਲੋਂਗਵੇ ਤੋਂ 370 ਕਿਲੋਮੀਟਰ (230 ਮੀਲ) ਉੱਤਰ ਵਿਚ ਮਜ਼ੂਜ਼ੂ ਸ਼ਹਿਰ ਲਈ 45 ਮਿੰਟ ਦੀ ਉਡਾਣ ਭਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ। ਸੂਚਨਾ ਮਿਲਣ ‘ਤੇ ਮੰਗਲਵਾਰ ਨੂੰ ਸੈਂਕੜੇ ਫੌਜੀ, ਪੁਲਸ ਅਧਿਕਾਰੀ ਅਤੇ ਜੰਗਲਾਤ ਰੇਂਜਰ ਲਾਪਤਾ ਫੌਜੀ ਜਹਾਜ਼ ਦੀ ਭਾਲ ‘ਚ ਜੁਟੇ ਹੋਏ ਸਨ।