ਸਿਓਲ: ਸਿਓਲ ਦੇ ਇਟਾਵਾਨ ਜ਼ਿਲ੍ਹੇ ਵਿੱਚ ਹੈਲੋਵੀਨ ਭਗਦੜ ਵਿੱਚ ਇੱਕ ਹੋਰ ਮੌਤ ਦੀ ਪੁਸ਼ਟੀ ਹੋਈ ਹੈ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 156 ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਂਟਰਲ ਡਿਜ਼ਾਸਟਰ ਐਂਡ ਸੇਫਟੀ ਕਾਊਂਟਰਮੇਜ਼ਰਸ ਹੈੱਡਕੁਆਰਟਰ ਦੇ ਮੁਤਾਬਕ, 20 ਸਾਲਾ ਕੋਰੀਆਈ ਔਰਤ ਨੂੰ ਮੰਗਲਵਾਰ ਸਵੇਰੇ ਗੰਭੀਰ ਹਾਲਤ ‘ਚ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਸਮਾਚਾਰ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ 29 ਲੋਕ ਅਜੇ ਵੀ ਗੰਭੀਰ ਹਾਲਤ ਵਿਚ ਹਨ, ਜਦਕਿ 122 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਭਗਦੜ ਵਿੱਚ 26 ਵਿਦੇਸ਼ੀ ਵੀ ਮਾਰੇ ਗਏ ਹਨ। ਇਨ੍ਹਾਂ ਵਿੱਚ ਈਰਾਨ ਦੇ ਪੰਜ, ਚੀਨ ਅਤੇ ਰੂਸ ਦੇ ਚਾਰ-ਚਾਰ, ਅਮਰੀਕਾ ਦੇ ਦੋ, ਜਾਪਾਨ ਦੇ ਦੋ ਅਤੇ ਫਰਾਂਸ, ਆਸਟਰੇਲੀਆ, ਨਾਰਵੇ, ਆਸਟਰੀਆ, ਵੀਅਤਨਾਮ, ਥਾਈਲੈਂਡ, ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਸ੍ਰੀਲੰਕਾ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਹੈ। ਇਹ ਹਾਦਸਾ ਸ਼ਨੀਵਾਰ ਰਾਤ ਨੂੰ ਵਾਪਰਿਆ, ਜਦੋਂ ਵੱਡੀ ਭੀੜ ਇੱਕ ਹੈਲੋਵੀਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਇਟਾਵਾਨ ਵਿੱਚ ਇੱਕ ਤੰਗ 3.2 ਮੀਟਰ ਚੌੜੀ ਗਲੀ ਵਿੱਚ ਇਕੱਠੀ ਹੋਈ। ਅਚਾਨਕ ਭਗਦੜ ਮੱਚ ਗਈ।
ਨੈਸ਼ਨਲ ਇਨਵੈਸਟੀਗੇਸ਼ਨ ਆਫਿਸ ਦੇ ਮੁਖੀ ਨਾਮ ਗੁ-ਜੁਨ ਨੇ ਕਿਹਾ ਕਿ 475 ਮੈਂਬਰੀ ਵਿਸ਼ੇਸ਼ ਜਾਂਚ ਟੀਮ ਨੇ ਸੋਮਵਾਰ ਤੱਕ 44 ਗਵਾਹਾਂ ਦੀ ਇੰਟਰਵਿਊ ਲਈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ 42 ਥਾਵਾਂ ਤੋਂ 52 ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਪਾਈ ਗਈ ਵੀਡੀਓ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਸ਼ਨੀਵਾਰ ਤੱਕ ਸੋਗ ਦਾ ਐਲਾਨ ਕੀਤਾ ਹੈ।