ਬਾਲੀਵੁੱਡ ਅਦਾਕਾਰ ਸਿਧਾਰਥ ਅਤੇ ਕਿਆਰਾ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਨਜ਼ਰ ਆਏ। ਦੋਵਾਂ ਨੂੰ ਜੈਸਲਮੇਰ ਏਅਰਪੋਰਟ ‘ਤੇ ਦੇਖਿਆ ਗਿਆ। ਇੱਥੋਂ ਦੋਵੇਂ ਨਵੀਂ ਦਿੱਲੀ ਲਈ ਰਵਾਨਾ ਹੋਏ ਨੇ, ਜਿੱਥੇ ਉਨ੍ਹਾਂ ਦਾ ਰਿਸੈਪਸ਼ਨ 9 ਫਰਵਰੀ ਨੂੰ ਹੋਵੇਗਾ |ਸਿਧਾਰਥ ਅਤੇ ਕਿਆਰਾ ਇਕੱਠੇ ਕਾਫੀ ਖੂਬਸੂਰਤ ਨਜ਼ਰ ਆ ਰਹੇ ਸਨ।
ਜਿੱਥੇ ਸਿਧਾਰਥ ਬਲੈਕ ਜੈਕੇਟ ਅਤੇ ਕੈਜ਼ੂਅਲ ਜੀਨਸ ‘ਚ ਸੀ, ਉਥੇ ਹੀ ਕਿਆਰਾ ਵੀ ਬਲੈਕ ਆਊਟਫਿਟ ਵਿਚ ਹੀ ਸੀ। ਉਸ ਨੇ ਨਵੀਂ ਦੁਲਹਨ ਵਾਂਗ ਆਪਣੀ ਮੰਗ ਵਿਚ ਸੰਦੂਰ ਤੇ ਹੱਥ ਵਿਚ ਚੂੜੀਆਂ,ਅਤੇ ਮੰਗਲਸੂਤਰ ਵੀ ਪਾਇਆ ਹੋਇਆ ਸੀ। ਦਿੱਲੀ ਤੋਂ ਇਲਾਵਾ ਮੁੰਬਈ ‘ਚ ਵੀ ਰਿਸੈਪਸ਼ਨ ਹੋਵੇਗੀ।
ਸਿਧਾਰਥ ਅਤੇ ਕਿਆਰਾ ਦਾ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ‘ਚ 7 ਫਰਵਰੀ ਨੂੰ ਹੋਇਆ ਸੀ। ਖਬਰਾਂ ਦੇ ਅਨੁਸਾਰ ਵਿਆਹ ਦੇ ਸਮੇਂ ਸਿਧਾਰਥ ਨੇ ਪਰੰਪਰਾ ਨੂੰ ਤੋੜਦੇ ਹੋਏ ਕਿਆਰਾ ਦੇ ਪੈਰ ਛੂਹ ਲਏ ਸੀ । ਅਕਸਰ ਦੇਖਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਲਾੜੀ ਲਾੜੇ ਦੇ ਪੈਰ ਛੂਹ ਲੈਂਦੀ ਹੈ ਪਰ ਸਿਧਾਰਥ ਨੇ ਸਮਾਨਤਾ ਦਾ ਸੰਦੇਸ਼ ਦਿੰਦੇ ਹੋਏ ਇਸ ਪਰੰਪਰਾ ਨੂੰ ਤੋੜ ਦਿੱਤਾ ਹੈ। ਸੂਚਨਾ ਦੇ ਅਨੁਸਾਰ ਜਦੋਂ ਸਿਧਾਰਥ ਨੇ ਕਿਆਰਾ ਦੇ ਪੈਰ ਛੂਹੇ ਤਾਂ ਮੰਡਪ ‘ਚ ਮੌਜੂਦ ਹਰ ਕੋਈ ਭਾਵੁਕ ਹੋ ਗਿਆ। ਉੱਥੇ ਮੌਜੂਦ ਕਰਨ ਜੌਹਰ ਵੀ ਆਪਣੇ ਹੰਝੂਆਂ ‘ਤੇ ਕਾਬੂ ਨਹੀਂ ਕਰ ਸਕੇ।
ਵਿਆਹ ਤੋਂ ਬਾਅਦ ਸਾਹਮਣੇ ਆਇਆ ਸਿਧਾਰਥ-ਕਿਆਰਾ ਦੇ ਵਿਆਹ ਦਾ ਕਾਰਡ, ਸਿਧਾਰਥ ਦੇ ਦਿੱਲੀ ਵਾਲੇ ਘਰ ‘ਚ ਅੱਜ ਹੋਵੇਗਾ ਕਿਆਰਾ ਦਾ ਗ੍ਰਹਿਪ੍ਰਵੇਸ਼, 9 ਤੇ 12 ਫਰਵਰੀ ਨੂੰ ਹੋਣੀ ਹੈ ਰਿਸੈਪਸ਼ਨ|
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ 7 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਦੇਰ ਰਾਤ ਜੋੜੇ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਸਿਧਾਰਥ -ਕਿਆਰਾ ਦੇ ਪ੍ਰਸ਼ੰਸਕ ਸ਼ਾਮ ਤੋਂ ਹੀ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ।