Nation Post

ਸ਼੍ਰੀਲੰਕਾ ਦੇ Rambukkana ‘ਚ ਹਟਾਇਆ ਗਿਆ ਕਰਫਿਊ, ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਜਾਂਚ ਸ਼ੁਰੂ

sei lanka

sei lanka

ਕੋਲੰਬੋ: ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਹਿੰਸਾ ਪ੍ਰਭਾਵਿਤ ਦੱਖਣ-ਪੱਛਮੀ ਖੇਤਰ ਰਾਮਬੂਕਾਨਾ (Rambukkana)ਤੋਂ ਕਰਫਿਊ ਹਟਾਉਣ ਦਾ ਐਲਾਨ ਕੀਤਾ ਹੈ। ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤਾਜ਼ਾ ਵਾਧੇ ਦੇ ਖਿਲਾਫ ਰਾਮਬੁਕਾਨਾ ਵਿੱਚ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਨਿਹੱਥੇ ਲੋਕਾਂ ਉੱਤੇ ਪੁਲਿਸ ਵੱਲੋਂ ਗੋਲੀਆਂ ਚਲਾਉਣ ਤੋਂ ਬਾਅਦ ਭੜਕੀ ਹਿੰਸਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 5 ਵਜੇ ਕਰਫਿਊ ਹਟਾ ਲਿਆ ਗਿਆ।

ਇਕ ਅਧਿਕਾਰੀ ਮੁਤਾਬਕ ਕੋਲੰਬੋ ਤੋਂ ਕਰੀਬ 90 ਕਿਲੋਮੀਟਰ ਉੱਤਰ-ਪੂਰਬ ‘ਚ ਰਾਮਬੁਕਾਨਾ ‘ਚ ਹਸਪਤਾਲ ‘ਚ ਦਾਖਲ 14 ਪ੍ਰਦਰਸ਼ਨਕਾਰੀਆਂ ‘ਚੋਂ ਘੱਟੋ-ਘੱਟ ਤਿੰਨ ਦੀ ਹਾਲਤ ਗੰਭੀਰ ਹੈ। ਇਸ ਤੋਂ ਇਲਾਵਾ ਇਸ ਹਿੰਸਾ ‘ਚ 15 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ ਐਲ ਪੀਰਿਸ (G. L. Peiris) ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੁਲਿਸ ਗੋਲੀਬਾਰੀ ਅਤੇ ਇਸ ਹਿੰਸਾ ਦੀ ਨਿਰਪੱਖ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਅਸੀਂ ਇਸ ਦੀ ਇਮਾਨਦਾਰੀ ਨਾਲ ਜਾਂਚ ਕਰਵਾਉਣਾ ਚਾਹੁੰਦੇ ਹਾਂ ਅਤੇ ਕੁਝ ਵੀ ਲੁਕਾਉਣਾ ਨਹੀਂ ਚਾਹੁੰਦੇ।”

ਜਨਤਕ ਸੁਰੱਖਿਆ ਮੰਤਰਾਲੇ ਦੇ ਇੱਕ ਚੋਟੀ ਦੇ ਨੌਕਰਸ਼ਾਹ ਜਗਤ ਏਲਵਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ 33,000 ਲੀਟਰ ਈਂਧਨ ਨਾਲ ਇੱਕ ਤੇਲ ਟੈਂਕਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਐਲਵਿਸ ਨੇ ਕਿਹਾ ਕਿ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਉਣ ਲਈ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕੀਤੀ ਸੀ ਜਾਂ ਨਹੀਂ ਇਸ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਨਿਯੁਕਤ ਕੀਤੀ ਗਈ ਸੀ।

ਅਮਰੀਕਾ, ਯੂਰਪੀ ਸੰਘ ਦੇ ਦੂਤਾਵਾਸਾਂ ਅਤੇ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀਆਂ ਨੇ ਪੁਲਿਸ ਗੋਲੀਬਾਰੀ ਦੀ ਨਿੰਦਾ ਕਰਦੇ ਹੋਏ ਬਿਆਨ ਜਾਰੀ ਕੀਤੇ ਹਨ। ਸ੍ਰੀਲੰਕਾ 1948 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਤੋਂ ਬਾਅਦ ਇਤਿਹਾਸ ਵਿੱਚ ਬੇਮਿਸਾਲ ਆਰਥਿਕ ਅਤੇ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਸ਼੍ਰੀਲੰਕਾ ਵਿੱਚ ਲੋਕ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਉਨ੍ਹਾਂ ਦੀ ਪਾਰਟੀ ਸ਼੍ਰੀਲੰਕਾ ਪੋਦੁਜਾਨਾ (ਪੇਰਾਮੁਨਾ) ਦੀ ਅਗਵਾਈ ਵਾਲੀ ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

Exit mobile version