ਜਦੋਂ ਲੜਕੇ ਨੇ ਸਮੋਸਾ ਖੁਆਉਣ ਤੋਂ ਇਨਕਾਰ ਕੀਤਾ ਤਾਂ ਦੋਸਤਾਂ ਨੇ ਉਸ ਨੂੰ ਅਗਵਾ ਕਰ ਲਿਆ। ਇਹ ਸਾਰਾ ਮਾਮਲਾ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਪੀੜਤ ਦਾ ਦੋਸ਼ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਸਕੂਲ ਦੇ ਕੁਝ ਸੀਨੀਅਰ ਵਿਦਿਆਰਥੀ ਉਸ ਨੂੰ ਸਮੋਸੇ ਖੁਆਉਣ ਲਈ ਤੰਗ ਕਰ ਰਹੇ ਸੀ । ਉਸਨੇ ਆਪਣੇ ਸੀਨੀਅਰ ਦੀ ਗੱਲ ਦਾ ਵਿਰੋਧ ਕੀਤਾ। ਇਸ ਗੱਲ ਤੋਂ ਗੁੱਸੇ ਹੋ ਕੇ 8 ਤੋਂ 9 ਮੁੰਡਿਆਂ ਨੇ ਉਸ ਨੂੰ ਅਗਵਾ ਕਰਕੇ ਉਸ ਨਾਲ ਕੁੱਟਮਾਰ ਕੀਤੀ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋ ਮੁੰਡਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜ਼ਖਮੀ ਵਿਦਿਆਰਥੀ ਨੂੰ ਸਦਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਖ਼ਬਰਾਂ ਦੇ ਅਨੁਸਾਰ ਪੀੜਤ ਪੰਕਜ ਦਾ ਘਰ ਗੋਪਾਲਪੁਰ ਥਾਣਾ ਖੇਤਰ ਦੇ ਰਤਨਪੁਰਾ ਪਿੰਡ ਵਿੱਚ ਹੈ। ਪੰਕਜ ਦਸਵੀਂ ਜਮਾਤ ਦਾ ਵਿਦਿਆਰਥੀ ਹੈ।10ਵੀਂ ਜਮਾਤ ਦੀ ਪ੍ਰੀਖਿਆ ਦੇਣ ਤੋਂ ਬਾਅਦ ਕਰੀਬ ਇੱਕ ਵਜੇ ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਦੇ ਸੀਨੀਅਰ ਨੇ ਉਸ ਦਾ ਪਿੱਛਾ ਕੀਤਾ। ਪੰਕਜ ਆਪਣੇ ਘਰ ਦੇ ਬਾਹਰ ਪਹੁੰਚਿਆ ਤਾਂ ਉਸ ਦੇ ਸੀਨੀਅਰ ਨੇ ਉਸ ਨੂੰ ਬਾਈਕ ‘ਤੇ ਘੇਰ ਲਿਆ ਅਤੇ ਜ਼ਬਰਦਸਤੀ ਨਾਲ ਬਿਠਾ ਕੇ ਲੈ ਗਏ । ਇਸ ਸਾਰੀ ਘਟਨਾ ਨੂੰ ਪੰਕਜ ਦੇ ਗੁਆਂਢੀਆਂ ਨੇ ਦੇਖ ਲਿਆ ਸੀ। ਫਿਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੰਕਜ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ।
ਸੂਚਨਾ ਦੇ ਅਨੁਸਾਰ ਅਗਵਾ ਕਰਨ ਵਾਲੇ ਸੀਨੀਅਰ ਪੰਕਜ ਨੂੰ ਖਾਲੀ ਘਰ ਵਿੱਚ ਲੈ ਗਏ । ਜਿੱਥੇ ਉਨ੍ਹਾਂ ਨੇ ਬਹੁਤ ਚਿਰ ਤੱਕ ਪੰਕਜ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਵਿਦਿਆਰਥੀ ਨੂੰ ਬਾਰਡੀਲਾ ਚੰਵਰ ਵਿਖੇ ਛੱਡ ਕੇ ਭੱਜ ਗਏ। ਜ਼ਖਮੀ ਵਿਦਿਆਰਥੀ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ‘ਤੇ ਪੁੱਜੀ ਪੁਲਿਸ ਨੇ ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਪੀੜਤ ਦੇ ਬਿਆਨਾਂ ‘ਤੇ ਪੁਲਿਸ ਨੇ ਦੋ ਮੁੰਡਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਪੁਲਿਸ ਦੇ ਅਨੁਸਾਰ ਅਗਵਾ ਕਾਰਨ ਵਾਲੇ ਕੁਝ ਲੜਕੇ ਫਰਾਰ ਹਨ। ਪੁਲਿਸ ਛਾਪੇਮਾਰੀ ਕਰਕੇ ਉਨ੍ਹਾਂ ਦੀ ਭਾਲ ਕਰ ਰਹੀ ਹੈ।