ਚੰਡੀਗੜ੍ਹ (ਦੇਵ ਇੰਦਰਜੀਤ) : ਅਦਾਕਾਰਾ ਸੋਨੀਆ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਸੈਕਟਰ 28 ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਅੱਜ ਹੋਣਾ ਸੀ ਪਰ ਵਿਧਾਨ ਸਭਾ ਇਜਲਾਸ ਕਾਰਨ ਇਸ ਨੂੰ ਇਕ ਦਿਨ ਅੱਗੇ ਵਧਾਉਣਾ ਪਿਆ।ਉਨ੍ਹਾਂ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੇ ਚਰਚੇ ਤਾਂ ਕਈ ਦਿਨਾਂ ਤੋਂ ਹੋ ਰਹੇ ਸਨ ਪਰ ਹੁਣ ਸਾਫ਼ ਹੋ ਗਿਆ ਹੈ ਕਿ ਉਹ ਕੱਲ੍ਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਜਾਣਗੇ।
ਉਹ ਕਿਹੜੀ ਸੀਟ ਤੋਂ ਚੋਣ ਲੜਨਗੇ, ਇਹ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਸੋਨੀਆ ਮਾਨ ਦਾ ਅਕਾਲੀ ਦਲ ’ਚ ਆਉਣ ਦਾ ਸਬੱਬ ਹਰਿਆਣਾ ਦਾ ਵੱਡਾ ਸਿਆਸੀ ਘਰਾਣਾ ਚੌਟਾਲਾ ਪਰਿਵਾਰ ਹੈ।ਸੋਨੀਆ ਮਾਨ ਦੀ ਨੇੜਤਾ ਇਨੈਲੋ ਦੇ ਲੀਡਰ ਅਭੈ ਚੌਟਾਲਾ ਨਾਲ ਹੈ ਅਤੇ ਇਸ ਪਰਿਵਾਰ ਦੀ ਬਾਦਲ ਪਰਿਵਾਰ ਨਾਲ ਨੇੜਤਾ ਜਗ-ਜ਼ਾਹਿਰ ਹੈ। ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਖੱਬੇਪੱਖੀ ਲੋਕਾਂ ’ਚ ਹੈਰਾਨੀ ਪਾਈ ਜਾ ਰਹੀ ਹੈ।ਭਾਵੇਂ ਸੋਨੀਆ ਮਾਨ ਪਿਛਲੇ ਲੰਬੇ ਸਮੇਂ ਤੋਂ ਮੁੰਬਈ ਫਿਲਮ ਨਗਰੀ ’ਚ ਰਹਿ ਰਹੇ ਸਨ ਪਰ ਉਨ੍ਹਾਂ ਦਾ ਪਿਛੋਕੜ ਖੱਬੇਪੱਖੀ ਧਿਰਾਂ ਨਾਲ ਜੁੜਦਾ ਹੈ। ਉਨ੍ਹਾਂ ਦੇ ਪਿਤਾ ਸਵਰਗੀ ਬਲਦੇਵ ਸਿੰਘ ਮਾਨ ਸੀ. ਪੀ. ਆਈ. ਐੱਮ. ਐੱਲ. ਨਿਊ ਡੈਮੋਕਰੇਸੀ ਦੇ ਰਾਜ ਪੱਧਰੀ ਨੇਤਾ ਸਨ ਅਤੇ ਉਹ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਰਹੇ।