ਖ਼ਬਰਾਂ ਦੇ ਅਨੁਸਾਰ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਹੋਈ ਹਿੰਸਾ ਦੇ ਦੋਸ਼ੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਕੱਲ੍ਹ ਬੁੱਧਵਾਰ ਨੂੰ ਇਨ੍ਹਾਂ ਲੋਕਾਂ ਨੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਰੋਕੇ ਜਾਣ ਤੇ ਉਨ੍ਹਾਂ ਨੇ ਚੰਡੀਗੜ੍ਹ ਪੁਲੀਸ ’ਤੇ ਤਲਵਾਰਾਂ ਤੇ ਡੰਡਿਆਂ ਨਾਲ ਹਮਲਾ ਕੀਤਾ ਸੀ |
ਜਿਸ ਤੋਂ ਬਾਅਦ ਪੁਲਿਸ ਦੀ ਵਾਟਰ ਕੈਨਨ ਤੇ ਕਬਜ਼ਾ ਕਰ ਲਿਆ ਗਿਆ। ਪੁਲਿਸ ਦੀਆਂ ਢਾਲਾਂ, ਹੈਲਮੇਟ, ਹਥਿਆਰ ਅਤੇ ਅੱਥਰੂ ਗੈਸ ਦੇ ਗੋਲੇ ਵੀ ਲੁੱਟੇ ਗਏ। ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕਈ ਕੇਸ ਦਰਜ ਕੀਤੇ ਹਨ । ਇਹ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ |
ਇਸ ਹਿੰਸਾ ‘ਚ ਚੰਡੀਗੜ੍ਹ ਪੁਲਿਸ ਦੇ ਕਈ ਜਵਾਨ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਸੈਕਟਰ 36 ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਇਹ 12 ਖਾਲਿਸਤਾਨ ਪੱਖੀ ਜਥੇਬੰਦੀਆਂ ਹਨ|
ਜਾਣਕਾਰੀ ਅਨੁਸਾਰ ਇਸ ਹਿੰਸਕ ਘਟਨਾ ਲਈ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਕਤਲ ਦੀ ਕੋਸ਼ਿਸ਼, ਪੁਲੀਸ ਮੁਲਾਜ਼ਮ ਦੀ ਡਿਊਟੀ ਵਿੱਚ ਵਿਘਨ ਪਾਉਣ ਲਈ ਹਮਲਾ ਕਰਨ, ਹਥਿਆਰਾਂ ਨਾਲ ਹੰਗਾਮਾ ਕਰਨ, ਗ਼ੈਰਕਾਨੂੰਨੀ ਇਕੱਠ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀ ਅੱਜ ਤੋਂ ਜੇਲ੍ਹ ਭਰੋ ਮਾਰਚ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਇਨਸਾਫ਼, ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼, ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਇਨਸਾਫ਼ ਸ਼ਾਮਲ ਹੈ।
ਪ੍ਰਦਰਸ਼ਨਕਾਰੀਆਂ ਨੇ ਫੈਸਲਾ ਕੀਤਾ ਸੀ ਕਿ 6 ਫਰਵਰੀ ਤੋਂ ਸ਼ੁਰੂ ਹੋ ਕੇ 31 ਮੈਂਬਰੀ ਗਰੁੱਪ ਰੋਜ਼ਾਨਾ ਧਰਨੇ ਵਾਲੀ ਥਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਚੰਡੀਗੜ੍ਹ ਸਥਿਤ ਰਾਜ ਭਵਨ ਤੱਕ ਮਾਰਚ ਕਰੇਗਾ। ਹਾਲਾਂਕਿ ਚੰਡੀਗੜ੍ਹ ਵਿੱਚ ਧਾਰਾ 144, ਮੁੱਖ ਮੰਤਰੀ ਦੀ ਰਿਹਾਇਸ਼ ਅਤਿ ਸੰਵੇਦਨਸ਼ੀਲ ਜ਼ੋਨ ਵਿੱਚ ਹੋਣ ਕਾਰਨ ਅਤੇ ਸੁਰੱਖਿਆ ਕਾਰਨਾਂ ਕਰਕੇ ਚੰਡੀਗੜ੍ਹ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਲਗਾਤਾਰ ਰੋਕਿਆ ਜਾ ਰਿਹਾ ਹੈ ।
ਬੁੱਧਵਾਰ ਨੂੰ ਹੋਈ ਹਿੰਸਕ ਘਟਨਾ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਚੰਡੀਗੜ੍ਹ ਪੁਲੀਸ ਦੇ 10 ਤੋਂ 12 ਬੈਰੀਕੇਡਾਂ ਦੀ ਵੀ ਭੰਨਤੋੜ ਕੀਤੀ ਗਈ। ਪ੍ਰਦਰਸ਼ਨਕਾਰੀ ਟਰੈਕਟਰਾਂ ਅਤੇ ਘੋੜਿਆਂ ‘ਤੇ ਸਵਾਰ ਹੋ ਕੇ ਆਏ ਸਨ। ਪੁਲਿਸ ਦੀਆਂ ਕਈ ਗੱਡੀਆਂ ਦੀ ਭੰਨ-ਤੋੜ ਕੀਤੀ ਗਈ। ਹਮਲੇ ‘ਚ ਕਰੀਬ 30 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀ ਹਵਾਰਾ ਨੂੰ ਮੁਹਾਲੀ ਅਤੇ ਚੰਡੀਗੜ੍ਹ ਅਦਾਲਤਾਂ ਵਿੱਚ ਪੇਸ਼ ਨਾ ਕੀਤੇ ਜਾਣ ਤੋਂ ਨਾਰਾਜ਼ ਹਨ |