Nation Post

ਵਿਸ਼ਾਖਾਪਟਨਮ ‘ਚ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ, ਖਿੜਕੀ ਦੇ ਸ਼ੀਸ਼ੇ ਟੁੱਟੇ, 3 ਲੋਕ ਗ੍ਰਿਫਤਾਰ

Vande Bharat Express

ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅਣਪਛਾਤੇ ਲੋਕਾਂ ਨੇ ਰੇਲਵੇ ਯਾਰਡ ਵਿੱਚ ਖੜ੍ਹੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਇੱਕ ਡੱਬੇ ਉੱਤੇ ਪਥਰਾਅ ਕੀਤਾ, ਜਿਸ ਨਾਲ ਉਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਏ.ਸੀ.ਪੀ. ਐਨ. ਮੂਰਤੀ ਮੁਤਾਬਕ ਵਿਸ਼ਾਖਾਪਟਨਮ ਪੁਲਸ ਨੇ ਬੁੱਧਵਾਰ ਰਾਤ ਨੂੰ ਵਾਪਰੀ ਇਸ ਘਟਨਾ ਦੇ ਸਬੰਧ ‘ਚ ਤਿੰਨ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੁੱਧਵਾਰ ਰਾਤ ਕੰਚਰਾਪਾਲੇਮ ਵਿਖੇ ਕੋਚ ਕੰਪਲੈਕਸ ਦੇ ਨੇੜੇ ਖੇਡ ਰਹੇ ਕੁਝ ਨੌਜਵਾਨਾਂ ਨੇ ਕਥਿਤ ਤੌਰ ‘ਤੇ ਸ਼ਰਾਰਤੀ ਢੰਗ ਨਾਲ ਰੇਲ ਦੇ ਡੱਬੇ ‘ਤੇ ਪਥਰਾਅ ਕੀਤਾ, ਜਿਸ ਨਾਲ ਉਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

ਵਿਸ਼ਾਖਾਪਟਨਮ ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇਲਾਕੇ ਵਿੱਚੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਦਾ ਇੱਕ ਰੇਕ ਮੇਨਟੇਨੈਂਸ ਜਾਂਚ ਲਈ ਬੁੱਧਵਾਰ ਨੂੰ ਚੇਨਈ ਤੋਂ ਵਿਸ਼ਾਖਾਪਟਨਮ ਪਹੁੰਚਿਆ ਸੀ। ਇਹ ਵੰਦੇ ਭਾਰਤ ਐਕਸਪ੍ਰੈਸ ਟਰੇਨ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਵਿਚਕਾਰ ਚੱਲੇਗੀ। ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜਨਵਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।

ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਾਖਾਪਟਨਮ ਵਿੱਚ, ਰੇਕ ਨੂੰ ਕੰਚਰਾਪਾਲੇਮ ਦੇ ਨਵੇਂ ਕੋਚ ਕੰਪਲੈਕਸ ਵਿੱਚ ਲਿਜਾਇਆ ਜਾ ਰਿਹਾ ਸੀ, ਜਿੱਥੇ ਇਹ ਘਟਨਾ ਵਾਪਰੀ। ਪੁਲਿਸ ਦੇ ਅਨੁਸਾਰ, ਪਥਰਾਅ ਵਿੱਚ ਰੇਲਗੱਡੀ ਦੀ ਇੱਕ ਖਿੜਕੀ ਦਾ ਸ਼ੀਸ਼ਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ, ਜਦਕਿ ਦੂਜੇ ਵਿੱਚ ਮਾਮੂਲੀ ਤਰੇੜਾਂ ਆ ਗਈਆਂ। ਵਿਸ਼ਾਖਾਪਟਨਮ ਪੁਲਿਸ ਹੁਣ ਇਸ ਘਟਨਾ ਦੀ ਜਾਂਚ ਵਿੱਚ ਆਰਪੀਐਫ ਨਾਲ ਜੁੜ ਗਈ ਹੈ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।

Exit mobile version