ਵਿਜੀਲੈਂਸ ਬਿਊਰੋ ਦੀ ਪੰਜਾਬ ‘ਚ ਭ੍ਰਿਸ਼ਟਾਚਾਰੀਆਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਹੈ। ਹੁਣ ਵਿਜੀਲੈਂਸ ਬਿਊਰੋ ਨੇ ਜਲੰਧਰ ਨੇੜੇ ਫਗਵਾੜਾ ਦੇ ਇੱਕ ਭ੍ਰਿਸ਼ਟ ਪਟਵਾਰੀ ਵਿਰੁੱਧ ਐਕਸ਼ਨ ਲਿਆ ਹੈ। ਵਿਜੀਲੈਂਸ ਨੇ ਫਗਵਾੜਾ ਸ਼ਹਿਰ ਦੇ ਪਟਵਾਰੀ ਪ੍ਰਵੀਨ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਵੱਲੋਂ ਇਹ ਮਾਮਲਾ ਇੰਗਲੈਂਡ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ’ਤੇ ਦਰਜ਼ ਹੋਇਆ ਹੈ।
ਵਿਜੀਲੈਂਸ ਨੂੰ ਇਹ ਸ਼ਿਕਾਇਤ ਇੰਗਲੈਂਡ ਦੇ ਸਲੋਹ ‘ਚ ਰਹਿਣ ਵਾਲੀ ਰਣਵੀਰ ਕੌਰ ਨੇ ਕੀਤੀ ਹੈ। ਉਨ੍ਹਾਂ ਨੇ ਸ਼ਿਕਾਇਤ ਚ ਦੱਸਿਆ ਹੈ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ ਅਤੇ ਹੁਣ ਉਹ ਜਾਇਦਾਦ ਆਪਣੇ ਨਾਮ ਕਰਵਾਉਣਾ ਚਾਹੁੰਦੀ ਸੀ। ਇਸ ਲਈ ਉਹ ਪਟਵਾਰੀ ਕੋਲ ਗਈ ਸੀ। ਜਿੱਥੇ ਉਨ੍ਹਾਂ ਦੇ ਇਲਾਕੇ (ਫਗਵਾੜਾ)ਦੇ ਪਟਵਾਰੀ ਪ੍ਰਵੀਨ ਨੇ ਦੱਸਿਆ ਕਿ ਰਿਕਾਰਡ ਨੂੰ ਅਪਡੇਟ ਕਰਨ ਲਈ 25 ਹਜ਼ਾਰ ਰੁਪਏ ਲੱਗਣਗੇ ।
NRI ਔਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਪਟਵਾਰੀ ਉਨ੍ਹਾਂ ‘ਤੋਂ ਪਟਵਾਰ ਘਰ ਦੇ ਗੜੇ ਲਗਵਾ ਰਿਹਾ ਸੀ ਅਤੇ ਉਸ ਦਾ ਕੰਮ ਵੀ ਨਹੀਂ ਕਰਦਾ ਸੀ। ਜਿਸ ਕਰਕੇ ਉਸ ਨੇ ਆਪਣੇ ਕੰਮ ਨੂੰ ਸਮੇਂ ਨਾਲ ਪੂਰਾ ਕਰਵਾਉਣ ਲਈ ਪਟਵਾਰੀ ਪ੍ਰਵੀਨ ਨੂੰ 25,000 ਰੁਪਏ ਦੀ ਰਿਸ਼ਵਤ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪਟਵਾਰੀ ਦੇ ਲਾਲਚ ਵਿੱਚ ਹੋਰ ਵਾਧਾ ਹੋ ਗਿਆ ਅਤੇ ਉਸ ਨੇ ਫਿਰ ਤੋਂ 15,000 ਰੁਪਏ ਦੀ ਮੰਗ ਕਰ ਦਿੱਤੀ ।
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ NRI ਔਰਤ ਦੀ ਸ਼ਿਕਾਇਤਤੋਂ ਬਾਅਦ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਸਾਰੀ ਜਾਂਚ ਵਿਚ ਔਰਤ ਦੇ ਇਲਜ਼ਾਮ ਸਹੀ ਨਿਕਲੇ | ਇਸ ਤੋਂ ਬਾਅਦ ਪਟਵਾਰੀ ਪ੍ਰਵੀਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ | ਸੂਚਨਾ ਦੇ ਅਨੁਸਾਰ ਹੁਣ ਪਟਵਾਰੀ ਪ੍ਰਵੀਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾ ਰਿਹਾ ਹੈ ।