ਲੁਧਿਆਣਾ ਵਿੱਚ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਦੋਸ਼ੀ ਸਕੂਲ ਬੱਸ ਦਾ ਡਰਾਈਵਰ ਪੀੜਤ ਵਿਦਿਆਰਥਣ ਨਾਲ ਵਟਸਐਪ ‘ਤੇ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ, ਉਹ ਉਸ ਨੂੰ ਸਕੂਲ ਤੋਂ ਛੁੱਟੀ ਦਵਾ ਕੇ ਇੱਕ ਹੋਟਲ ਵਿੱਚ ਲੈ ਗਿਆ।
ਜਿੱਥੇ ਉਸ ਨੇ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਮਿਲਾ ਕੇ ਕੋਲਡ ਡਰਿੰਕ ਚ ਪਿਲਾਇਆ, ਜਿਸ ਨੂੰ ਪੀਣ ਨਾਲ ਉਹ ਬੇਹੋਸ਼ ਹੋ ਗਈ। ਦੋਸ਼ੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਬੇਹੋਸ਼ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਅਤੇ ਉਸ ਦੀਆਂ ਅਸ਼ਲੀਲ ਵੀਡੀਓ ਬਣਾ ਲਈਆਂ । ਅਗਲੇ ਦਿਨ ਦੋਸ਼ੀ ਨੇ ਵਿਦਿਆਰਥਣ ਨੂੰ ਵੀਡੀਓ ਅਤੇ ਫੋਟੋ ਵਾਇਰਲ ਕਰਨ ਦਾ ਕਹਿ ਬਲੈਕਮੇਲ ਕੀਤਾ।
ਵਿਦਿਆਰਥਣ ਨੂੰ ਧਮਕਾਉਣ ਤੋਂ ਬਾਅਦ ਮੁਲਜ਼ਮ ਨੇ ਫਿਰ ਤੋਂ ਉਸ ਨੂੰ ਹੋਟਲ ਬੁਲਾਇਆ ਅਤੇ ਦੋਸਤਾਂ ਨਾਲ ਰਲ ਕੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਡਰੀ ਹੋਈ ਵਿਦਿਆਰਥਣ ਨੇ ਸਾਰਾ ਮਾਮਲਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ । ਵਿਦਿਆਰਥਣ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਰਾਜਵਿੰਦਰ ਸਿੰਘ ਉਸ ਨਾਲ ਗੱਲਬਾਤ ਕਰਦਾ ਸੀ। 2 ਫਰਵਰੀ ਨੂੰ ਉਹ ਉਸ ਨੂੰ ਸਕੂਲ ਤੋਂ ਛੁੱਟੀ ਦਵਾ ਕੇ ਹੋਟਲ ਲੈ ਗਿਆ ਅਤੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾ ਲਈ।
ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਖਿਲਾਫ ਥਾਣਾ ਸਦਰ ‘ਚ ਕੇਸ ਦਰਜ ਕਰਵਾਇਆ । ਦੋਸ਼ੀਆਂ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਧਾਂਦਰਾ, ਰਾਜਵਿੰਦਰ ਸਿੰਘ ਵਾਸੀ ਪਿੰਡ ਦਾਦ ਅਤੇ ਲਵ ਵਜੋਂ ਹੋਈ ਹੈ। ਫਿਲਹਾਲ ਤਿੰਨੋਂ ਦੋਸ਼ੀ ਭੱਜੇ ਹੋਏ ਹਨ। ਪੁਲਿਸ ਨੇ ਕਿਹਾ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਰਾਜਵਿੰਦਰ ਸਿੰਘ ਸਕੂਲ ਵਿੱਚ ਬੱਸ ਚਲਾਉਂਦਾ ਸੀ । ਵਿਦਿਆਰਥੀਆਂ ਨੂੰ ਘਰੋਂ ਚੁੱਕਣਾ ਅਤੇ ਛੱਡਣਾ ਉਸ ਦਾ ਕੰਮ ਸੀ। ਦੋਸ਼ੀ ਨੇ ਪਿਛਲੇ ਕੁਝ ਸਮੇਂ ਤੋਂ ਵਿਦਿਆਰਥਣ ‘ਤੇ ਬੁਰੀ ਨਜ਼ਰ ਰੱਖੀ ਹੋਈ ਸੀ। ਉਸ ਨੇ ਵਿਦਿਆਰਥਣ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।