ਲੁਧਿਆਣਾ ‘ਚ ਅੱਜ ਯਾਨੀ ਬੁੱਧਵਾਰ ਨੂੰ ਤਿੰਨ ਵਾਹਨਾਂ ਦੀ ਆਪਸ ‘ਚ ਟੱਕਰ ਹੋਈ ਹੈ। ਇਹ ਘਟਨਾ ਜੀਟੀ ਰੋਡ ‘ਤੇ ਵਾਪਰੀ ਹੈ । ਇਸ ਘਟਨਾ ‘ਚ15 ਲੋਕ ਜ਼ਖਮੀ ਹੋਏ ਹਨ। ਆਸਪਾਸ ਦੇ ਲੋਕਾਂ ਨੇ ਸਾਰੇ ਜ਼ਖਮੀ ਹੋਏ ਵਿਅਕਤੀਆਂ ਨੂੰ ਗੱਡੀਆਂ ‘ਤੋਂ ਬਾਹਰ ਕੱਢ ਲਿਆ। ਜ਼ਖਮੀ ਹੋਏ ਲੋਕਾਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਪਹੁੰਚਿਆ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਹਾਦਸੇ ਵਾਲੀ ਜਗ੍ਹਾ ‘ਤੇ ਪੁੱਜ ਚੁੱਕੀ ਹੈ।
ਸੂਚਨਾ ਦੇ ਅਨੁਸਾਰ ਲੁਧਿਆਣਾ ‘ਚ ਜੀਟੀ ਰੋਡ ‘ਤੇ ਸੀਮਿੰਟ ਨਾਲ ਭਰਿਆ ਹੋਇਆ ਟਰੱਕ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਸੜਕ ਦੇ ਕਿਨਾਰੇ ਤੇ ਲਾਇਆ ਹੋਇਆ ਸੀ। ਇੱਕ ਬੱਸ ਜੋ ਕਿ ਯਮੁਨਾ ਨਗਰ ਤੋਂ ਆ ਰਹੀ ਸੀ,ਟਰੱਕ ਨਾਲ ਟਕਰਾ ਜਾਂਦੀ ਹੈ। ਇਸੇ ਦੌਰਾਨ ਇੱਕ ਪਾਸੇ ਤੋਂ ਆ ਰਹੀ ਬੇਕਾਬੂ ਗੱਡੀ ਬੱਸ ਨਾਲ ਟਕਰਾ ਜਾਂਦੀ ਹੈ। ਮੌਕੇ ‘ਤੇ ਰਾਹਗੀਰਾਂ ਨੇ ਜ਼ਖਮੀ ਹੋਏ ਲੋਕਾਂ ਨੂੰ ਬੱਸ ਵਿੱਚੋ ਬਾਹਰ ਕੱਢ ਲਿਆ ਹੈ। ਯਾਤਰੀਆਂ ਨਾਲ ਭਰੀ ਬੱਸ ਅੰਮ੍ਰਿਤਸਰ ਵੱਲ ਜਾ ਰਹੀ ਸੀ।
ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚੇ ਜਾਂਚ ਅਫ਼ਸਰ ਅਰਜਨ ਸਿੰਘ ਨੇ ਕਿਹਾ ਹੈ ਕਿ ਨੁਕਸਾਨ ਹੋਏ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਘਟਨਾ ਦੀ ਵਜ੍ਹਾ ਕਰਕੇ ਕੁਝ ਦੇਰ ਲਈ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਗਈ ਸੀ ਪਰ ਵਾਹਨਾਂ ਨੂੰ ਹਟਾ ਕੇ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ‘ਤੋਂ ਮਗਰੋਂ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਾ ਦਿੱਤਾ ਗਿਆ ਹੈ। ਜਿੱਥੇ ਜ਼ਖਮੀਆਂ ਦਾ ਇਲਾਜ ਜਾਰੀ ਹੈ।