ਲੁਧਿਆਣਾ ਨੇੜੇ ਸਮਰਾਲਾ ‘ਚ ਕਰਿਆਨੇ ਦੀ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਾ । ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨਾਲ ਅੱਗ ‘ਤੇ ਕਾਬੂ ਪਾਇਆ ਗਿਆ । ਅੱਗ ਲੱਗਣ ਕਾਰਨ ਕਰਿਆਨੇ ਦੀ ਦੁਕਾਨ ‘ਚ ਲੱਖਾਂ ਦਾ ਸਾਮਾਨ ਸੜ ਗਿਆ ਹੈ।
ਅੱਗ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਕਰਿਆਨੇ ਦੀ ਦੁਕਾਨ ਦੇ ਮਾਲਕ ਨੂੰ ਜਾਣਕਾਰੀ ਦਿੱਤੀ। ਕਰਿਆਨੇ ਦੀ ਦੁਕਾਨ ਦੇ ਮਾਲਕ ਨਰਿੰਦਰ ਨੇ ਅੱਗ ਲੱਗਣ ਦੀ ਜਾਣਕਾਰੀ ਫਾਇਰ ਬ੍ਰਿਗੇਡ ਦੇ ਦਫ਼ਤਰ ਨੂੰ ਕੀਤੀ । ਫਾਇਰ ਬ੍ਰਿਗੇਡ ਵਾਲੇ ਜਾਣਕਾਰੀ ਮਿਲਣ ‘ਤੇ ਅੱਗ ਬੁਝਾਉਣ ਲਈ ਪਹੁੰਚ ਗਏ ਪਰ ਸਰਕਾਰ ਨੇ ਉਨ੍ਹਾਂ ਨੂੰ ਜੋ ਅੱਗ ਬੁਝਾਉਣ ਲਈ ਪਾਈਪਾਂ ਦਿੱਤੀਆਂ ਨੇ ਉਹ ਥਾਂ-ਥਾਂ ਤੋਂ ਫਟੀਆਂ ਹੋਈਆਂ ਹਨ । ਪਾਈਪ ਫਟੇ ਹੋਣ ਕਾਰਨ ਪਾਣੀ ਦਾ ਪ੍ਰੈਸ਼ਰ ਬਣਾਉਣ ‘ਚ ਮੁਸ਼ਕਿਲ ਹੋ ਰਹੀ ਸੀ । ਜਿਸ ਕਾਰਨ ਕਰਮਚਾਰੀਆਂ ਨੂੰ ਦਿੱਕਤ ਹੋਈ ‘ਤੇ ਅੱਗ ਬੁਝਾਉਣ ‘ਚ ਵੀ ਦੇਰੀ ਹੋ ਗਈ।
ਕਰਿਆਨੇ ਦੀ ਦੁਕਾਨ ਦੇ ਮਾਲਕ ਨਰਿੰਦਰ ਖੁੱਲਰ ਨੇ ਕਿਹਾ ਕਿ ਸਾਮਾਨ ਰੱਖਣ ਲਈ ਉਪਰਲੀ ਮੰਜ਼ਿਲ ’ਤੇ ਗੋਦਾਮ ਬਣਿਆ ਹੋਇਆ ਹੈ। ਅੱਗ ਦੀਆਂ ਲਪਟਾਂ ਤੇਜ਼ ਹੋਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲੀ ਘਟਨਾ ਨਹੀਂ ਹੈ, ਪਹਿਲਾ ਵੀ ਸਮਰਾਲਾ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ ਤਾਂ ਫਾਇਰ ਕਰਮਚਾਰੀਆਂ ਨੂੰ ਫਟੇ ਹੋਏ ਪਾਈਪਾਂ ਨਾਲ ਅੱਗ ਬੁਝਾਉਣ ਚ ਕਾਫੀ ਮੁਸ਼ਕਿਲ ਹੁੰਦੀ ਹੈ।
ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ DSP ਸਮਰਾਲਾ ਵਰਿਆਮ ਸਿੰਘ ਮੌਕੇ ’ਤੇ ਪਹੁੰਚੇ । DSP ਵਰਿਆਮ ਸਿੰਘ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀ ਪਾਈਪ ਫਟੀ ਹੋਈ ਤੇ ਖ਼ਰਾਬ ਸੀ। ਅਧਿਕਾਰੀ ਨੇ ਕਿਹਾ ਕਿ ਫਟੀਆਂ ਪਾਈਪਾਂ ਸਬੰਧੀ ਵਿਭਾਗ ਨੂੰ ਪੱਤਰ ਭੇਜਿਆ ਗਿਆ ਹੈ, ਛੇਤੀ ਹੀ ਪਾਈਪਾਂ ਬਦਲੀਆਂ ਜਾਣਗੀਆਂ।