ਰੋਪੜ (ਹਰਮੀਤ) : ਰੋਪੜ ਨਹਿਰ ‘ਚ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ‘ਚ 2 ਔਰਤਾਂ ਦੀ ਮੌਤ ਹੋ ਗਈ ਹੈ ਅਤੇ 2 ਬੱਚੇ ਲਾਪਤਾ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਮਹਿੰਦਰਾ ਬੋਲੈਰੋ ਗੱਡੀ ਜਿਸ ਵਿੱਚ ਕੁੱਲ 16 ਲੋਕ ਸਵਾਰ ਸਨ, ਨਹਿਰ ਵਿੱਚ ਡਿੱਗ ਗਈ।
ਸੂਤਰਾਂ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ। ਖੰਨਾ ਦੀ ਪਾਇਲ ਤਹਿਸੀਲ ਦੇ ਪਿੰਡ ਨਿਜ਼ਾਮਪੁਰ ਦੇ ਕੁਝ ਪਰਿਵਾਰ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ ਗਏ ਹੋਏ ਸਨ ਅਤੇ ਵਾਪਸੀ ਦੌਰਾਨ ਇਹ ਭਿਆਨਕ ਘਟਨਾ ਵਾਪਰ ਗਈ।
ਡਰਾਈਵਰ ਨੇ ਦੱਸਿਆ ਕਿ ਅਚਾਨਕ ਇੱਕ ਮੋਟਰਸਾਈਕਲ ਗੱਡੀ ਦੇ ਸਾਹਮਣੇ ਆ ਗਿਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਬੱਚੇ ਪਾਣੀ ਵਿੱਚ ਵਹਿ ਗਏ।
ਹਾਦਸੇ ਤੋਂ ਤੁਰੰਤ ਬਾਅਦ ਸਮਰਾਲਾ ਅਤੇ ਚਮਕੌਰ ਸਾਹਿਬ ਦਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਕਰੇਨ ਦੀ ਮਦਦ ਨਾਲ ਗੱਡੀ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ। ਬਚਾਅ ਟੀਮ ਨੇ ਘਟਨਾ ਤੋਂ ਤੁਰੰਤ ਬਾਅਦ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸ-ਪਾਸ ਦੇ ਲੋਕਾਂ ਨੇ ਵੀ ਮਦਦ ਕੀਤੀ ਅਤੇ ਪੀੜਤਾਂ ਨੂੰ ਕੱਢਣ ‘ਚ ਵੱਧ ਤੋਂ ਵੱਧ ਮਦਦ ਕੀਤੀ। ਬਚਾਅ ਟੀਮਾਂ ਲਾਪਤਾ ਬੱਚਿਆਂ ਦੀ ਭਾਲ ਜਾਰੀ ਰੱਖ ਰਹੀਆਂ ਹਨ, ਅਤੇ ਉਨ੍ਹਾਂ ਨੂੰ ਲੱਭਣ ਲਈ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ।