ਲੁਧਿਆਣਾ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ 10 ਮਈ ਨੂੰ ਪੰਜਾਬ ਦੇ ਬੱਸ ਅੱਡਿਆਂ ਅੱਗੇ ਗੇਟ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਉਕਤ ਫੈਸਲਾ ਬੱਸ ਸਟੈਂਡ ਵਿਖੇ ਹੋਈ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਦੌਰਾਨ ਲਿਆ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਦੀ ਯੂਨੀਅਨ ਦੀ ਦੋ ਵਾਰ ਮੀਟਿੰਗ ਹੋਈ, ਜਿਸ ਵਿੱਚ ਮੰਤਰੀ ਨੇ ਕੱਚੇ ਕਾਮਿਆਂ ਦੀਆਂ ਮੰਗਾਂ ਮੰਨਣ ਬਾਰੇ ਕੋਈ ਹਾਂ-ਪੱਖੀ ਸੰਕੇਤ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ 17 ਮਈ ਨੂੰ ਮੀਡੀਆ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ। 24 ਨੂੰ ਸੂਬੇ ਦੇ ਸਮੂਹ ਬੱਸ ਸਟੈਂਡ 2 ਘੰਟੇ ਲਈ ਬੰਦ ਰਹਿਣਗੇ। ਗਿੱਲ ਨੇ ਅੱਗੇ ਦੱਸਿਆ ਕਿ 28 ਅਤੇ 29 ਮਈ ਨੂੰ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। 6 ਜੂਨ ਨੂੰ ਇੱਕ ਵਾਰ ਫਿਰ ਗੇਟ ਰੈਲੀਆਂ ਤੋਂ ਬਾਅਦ 8, 9 ਅਤੇ 10 ਜੂਨ ਨੂੰ ਪੂਰੀ ਹੜਤਾਲ ਕਰਕੇ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਬੱਸਾਂ ਦੇ ਪਹੀਏ ਜਾਮ ਕੀਤੇ ਜਾਣਗੇ।