ਨਵੀਂ ਦਿੱਲੀ: ਰੇਲਵੇ ਅਗਲੇ 3 ਸਾਲਾਂ ਵਿੱਚ 35 ਨਵੀਆਂ ਹਾਈਡ੍ਰੋਜਨ ਅਤੇ 500 ਵੰਦੇ ਭਾਰਤ ਟਰੇਨਾਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਰੇਲ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਆਗਾਮੀ ਕੇਂਦਰੀ ਬਜਟ 2023-24 ਵਿੱਚ ਲੰਬੇ ਸਮੇਂ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਜਿਵੇਂ ਕਿ ਮਾਲ ਢੋਆ-ਢੁਆਈ, ਹਾਈ-ਸਪੀਡ ਰੇਲ ਗੱਡੀਆਂ ਅਤੇ ਰੇਲ ਆਧੁਨਿਕੀਕਰਨ ਲਈ ਫੰਡਿੰਗ ਨੂੰ ਤਰਜੀਹ ਦੇਣ ਲਈ ਕਿਹਾ ਹੈ।
ਇਸ ਵਾਰ ਬਜਟ ਵਿੱਚ ਜਿਨ੍ਹਾਂ ਨਵੀਆਂ ਰੇਲਗੱਡੀਆਂ ਦਾ ਐਲਾਨ ਕੀਤਾ ਜਾਵੇਗਾ, ਉਨ੍ਹਾਂ ਵਿੱਚ 35 ਨਵੀਆਂ ਹਾਈਡ੍ਰੋਜਨ ਫਿਊਲ ਟਰੇਨਾਂ ਅਤੇ ਲਗਭਗ 500 ਨਵੀਂਆਂ ਵੰਦੇ ਭਾਰਤ ਟਰੇਨਾਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ, ਅਗਲੇ 3 ਸਾਲਾਂ ਵਿੱਚ ਲਗਭਗ 4,000 ਨਵੇਂ ਡਿਜ਼ਾਈਨ ਕੀਤੇ ਆਟੋਮੋਬਾਈਲ ਕਰੀਅਰ ਕੋਚ ਅਤੇ ਲਗਭਗ 58,000 ਵੈਗਨਾਂ ਨੂੰ ਵੀ ਤਿਆਰ ਕੀਤੇ ਜਾਣ ਦੀ ਉਮੀਦ ਹੈ। 2023-24 ਦੇ ਬਜਟ ਵਿੱਚ ਰੇਲਵੇ ਨੂੰ ਲਗਭਗ 1.90 ਲੱਖ ਕਰੋੜ ਰੁਪਏ ਦਾ ਅਲਾਟਮੈਂਟ ਮਿਲਣ ਦੀ ਸੰਭਾਵਨਾ ਹੈ।
ਹਾਲ ਹੀ ‘ਚ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੀ ਦੱਸਿਆ ਸੀ ਕਿ ਰੇਲਵੇ ਕੁਝ ਰੂਟਾਂ ‘ਤੇ ਹਾਈਡ੍ਰੋਜਨ ਈਂਧਣ ਵਾਲੀਆਂ ਟਰੇਨਾਂ ਚਲਾਏਗਾ। ਆਧੁਨਿਕ ਅਤੇ ਉੱਨਤ ਹੋਣ ਤੋਂ ਇਲਾਵਾ, ਇਹ ਰੇਲ ਗੱਡੀਆਂ ਆਪਣੀ ਸਪੀਡ ਲਈ ਜਾਣੀਆਂ ਜਾਂਦੀਆਂ ਹਨ ਅਤੇ ਯਾਤਰਾ ਦੇ ਸਮੇਂ ਨੂੰ ਬਹੁਤ ਘੱਟ ਕਰਦੀਆਂ ਹਨ। ਭਾਰਤ ‘ਚ ਵੀ ਹਾਈਡ੍ਰੋਜਨ ਟਰੇਨ ਯਾਨੀ ਗੈਸ ਨਾਲ ਚੱਲਣ ਵਾਲੀ ਟਰੇਨ ‘ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਭਾਰਤ ਦੀ ਪਹਿਲੀ ਹਾਈਡ੍ਰੋਜਨ ਟਰੇਨ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ‘ਚ ਰੇਲਵੇ ਨੇ ਆਪਣੇ ਰੋਲਿੰਗ ਸਟਾਕ ਦੇ ਆਧੁਨਿਕੀਕਰਨ, ਟ੍ਰੈਕਾਂ ਦੇ ਬਿਜਲੀਕਰਨ ਆਦਿ ‘ਤੇ ਕਾਫੀ ਧਿਆਨ ਦਿੱਤਾ ਹੈ। ਅਗਲੇ 3 ਸਾਲਾਂ ‘ਚ ਇਸ ‘ਤੇ ਵੀ ਲਗਭਗ 2.7 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਸਕਦੇ ਹਨ। ਰੋਲਿੰਗ ਸਟਾਕ ਤੋਂ ਇਲਾਵਾ, ਸਰਕਾਰ 100 ਵਿਸਟਾਡੋਮ ਕੋਚਾਂ ਦਾ ਨਿਰਮਾਣ ਕਰਨ ਅਤੇ ਪ੍ਰੀਮੀਅਰ ਟਰੇਨਾਂ ਦੇ 1,000 ਕੋਚਾਂ ਨੂੰ ਨਵਿਆਉਣ ਦੀ ਵੀ ਯੋਜਨਾ ਬਣਾ ਰਹੀ ਹੈ।