ਮਾਸਕੋ: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਪੂਰੇ ਦੇਸ਼ ਦੇ ਕਈ ਇਲਾਕਿਆਂ ‘ਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਮਿਜ਼ਾਈਲ ਹਮਲਾ ਕੀਤਾ ਹੈ। ਯੂਕਰੇਨ ਮੁਤਾਬਕ ਰੂਸ ਨੇ 75 ਮਿਜ਼ਾਈਲਾਂ ਦਾਗੀਆਂ ਹਨ। ਕੀਵ ਦੇ ਕਈ ਇਲਾਕਿਆਂ ‘ਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਰੂਸੀ ਹਮਲਿਆਂ ਨੇ ਕਈ ਥਾਵਾਂ ‘ਤੇ ਭਾਰੀ ਨੁਕਸਾਨ ਕੀਤਾ। ਰੂਸ ਨੇ ਕਈ ਮਹੀਨਿਆਂ ਬਾਅਦ ਕੀਵ ‘ਤੇ ਹਮਲਾ ਕੀਤਾ ਹੈ।
ਕੀਵ ਤੋਂ ਇਲਾਵਾ ਰੂਸੀ ਫੌਜ ਨੇ ਪੋਲੈਂਡ ਦੀ ਸਰਹੱਦ ‘ਤੇ ਲਵੀਵ, ਜ਼ਾਇਟੋਮਾਇਰ, ਖਮੇਲਨਿਤਸਕੀ ਸਮੇਤ ਕਈ ਸ਼ਹਿਰਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਨੇ ਇਹ ਜਵਾਬੀ ਹਮਲਾ ਕਰੀਮੀਆ ਪੁਲ ਨੂੰ ਉਡਾਏ ਜਾਣ ਤੋਂ ਬਾਅਦ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਕੀਵ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਕੀਵ ਦੇ ਮੇਅਰ ਨੇ ਇਨ੍ਹਾਂ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕ੍ਰੀਮੀਆ ਪੁਲ ‘ਤੇ ਹੋਏ ਹਮਲੇ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਸੀ।
ਇਨ੍ਹਾਂ ਹਮਲਿਆਂ ‘ਚ ਹੁਣ ਤੱਕ ਘੱਟੋ-ਘੱਟ 8 ਲੋਕਾਂ ਦੀ ਮੌਤ ਅਤੇ 24 ਹੋਰ ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਕੀਵ ਦੇ ਮੇਅਰ ਨੇ ਦੱਸਿਆ ਕਿ ਕੀਵ ਸ਼ਹਿਰ ਦੇ ਕੇਂਦਰ ਵਿੱਚ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਇਨ੍ਹਾਂ ਧਮਾਕਿਆਂ ਤੋਂ ਬਾਅਦ ਇੱਕ ਘੰਟੇ ਤੱਕ ਕੀਵ ਵਿੱਚ ਹਵਾਈ ਹਮਲੇ ਦੇ ਸਾਇਰਨ ਸੁਣੇ ਗਏ। ਰੂਸ-ਯੂਕਰੇਨ ਯੁੱਧ ਵਿੱਚ, ਯੂਕਰੇਨੀ ਫੌਜਾਂ ਨੇ ਰੂਸ ਤੋਂ ਹਜ਼ਾਰਾਂ ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾ ਲਿਆ ਹੈ ਕਿਉਂਕਿ ਪੁਤਿਨ ਦੀ ਫੌਜ ਨੇ ਕੀਵ ਉੱਤੇ ਹਮਲੇ ਰੋਕ ਕੇ ਪੂਰਬੀ ਖੇਤਰਾਂ ਨੂੰ ਕੱਟਣ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ। ਇਸ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਕਾਫੀ ਦਬਾਅ ਆ ਗਿਆ ਹੈ ਅਤੇ ਉਨ੍ਹਾਂ ਨੇ ਨਵਾਂ ਫੌਜ ਮੁਖੀ ਵੀ ਨਿਯੁਕਤ ਕਰ ਦਿੱਤਾ ਹੈ।