ਝੁੰਝੁਨੂ (ਰਾਘਵ): ਰਾਜਸਥਾਨ ਦੇ ਝੁੰਝਨੂ ‘ਚ ਹਿੰਦੁਸਤਾਨ ਕਾਪਰ ਲਿਮਟਿਡ (ਐੱਚ. ਸੀ. ਐੱਲ.) ਦੀ ਕੋਲਿਹਾਨ ਖਾਨ ‘ਚ ਮੰਗਲਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਖਾਨ ‘ਚ ਬਣੀ ਲਿਫਟ ਦੀ ਰੱਸੀ ਅਚਾਨਕ ਟੁੱਟ ਜਾਣ ਕਾਰਨ ਲਿਫਟ ਕਰੀਬ 1875 ਫੁੱਟ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 14 ਲੋਕ ਫਸ ਗਏ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਹੁਣ ਸਾਰੇ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਜੀਲੈਂਸ ਟੀਮ ਕੰਪਨੀ ਦੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਲ ਕੰਪਨੀ ਦਾ ਨਿਰੀਖਣ ਕਰ ਰਹੀ ਸੀ। ਹਾਦਸੇ ਤੋਂ ਬਾਅਦ ਫਸੇ ਅਧਿਕਾਰੀਆਂ ਨੂੰ ਕੱਢਣ ਲਈ ਕਰੀਬ 11 ਘੰਟੇ ਬਚਾਅ ਮੁਹਿੰਮ ਚਲਾਈ ਗਈ। ਬਚਾਅ ਦੌਰਾਨ ਮੌਕੇ ‘ਤੇ ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਤਾਇਨਾਤ ਸੀ। ਅੱਧੀ ਦਰਜਨ ਦੇ ਕਰੀਬ ਐਂਬੂਲੈਂਸਾਂ ਲਿਫਟ ਦੇ ਐਗਜ਼ਿਟ ਗੇਟ ਕੋਲ ਖੜ੍ਹੀਆਂ ਸਨ। ਦੇਰ ਰਾਤ ਫਸੇ ਲੋਕਾਂ ਲਈ ਫੂਡ ਪੈਕੇਟ ਅਤੇ ਕੁਝ ਦਵਾਈਆਂ ਵੀ ਭੇਜੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਹਾਲ ਸਾਰੇ ਫਸੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਅਧਿਕਾਰੀਆਂ ਨੂੰ ਖਾਨ ‘ਚੋਂ ਬਚਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ‘ਚ ਐਂਬੂਲੈਂਸ ‘ਚ ਪਾ ਦਿੱਤਾ ਗਿਆ ਅਤੇ ਸਾਵਧਾਨੀ ਦੇ ਤੌਰ ‘ਤੇ ਉਨ੍ਹਾਂ ਨੂੰ ਜੈਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੇ ਜ਼ਰੂਰੀ ਟੈਸਟ ਕੀਤੇ ਜਾਣਗੇ। ਫਿਲਹਾਲ ਸਾਰੇ ਸੁਰੱਖਿਅਤ ਹਨ। ਹਾਲਾਂਕਿ ਇਹ ਵੀ ਸਾਹਮਣੇ ਆਇਆ ਹੈ ਕਿ ਤਿੰਨ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਫਸੇ ਹੋਏ ਜ਼ਿਆਦਾਤਰ ਲੋਕ ਐਚਸੀਐਲ ਦੇ ਕਰਮਚਾਰੀ ਅਤੇ ਅਧਿਕਾਰੀ ਦੱਸੇ ਜਾਂਦੇ ਹਨ।