ਚੰਡੀਗੜ੍ਹ: 27 ਸਤੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਇਜਲਾਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜਪਾਲ ਵਿੱਚ ਚੱਲ ਰਹੀ ਗਰਮਾ-ਗਰਮੀ ਹੁਣ ਖ਼ਤਮ ਹੋ ਗਈ ਹੈ। ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਸੈਸ਼ਨ ਬੁਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਯਾਨੀ ਹੁਣ ਸੈਸ਼ਨ 27 ਸਤੰਬਰ ਨੂੰ ਸਵੇਰੇ 11 ਵਜੇ ਹੋਵੇਗਾ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਅਤੇ ਰਾਜਪਾਲ ਵਿਚਾਲੇ ਟਕਰਾਅ ਕਾਫੀ ਵਧਦਾ ਜਾ ਰਿਹਾ ਸੀ।
ਦਰਅਸਲ, ਪਹਿਲਾਂ ਤਾਂ ਪੰਜਾਬ ਸਰਕਾਰ ਸੈਸ਼ਨ ਦੀ ਮਨਜ਼ੂਰੀ ਰੱਦ ਕਰਨ ਤੋਂ ਨਾਰਾਜ਼ ਸੀ। ਜਿਸ ਤੋਂ ਬਾਅਦ ਰਾਜਪਾਲ ਨੇ 27 ਸਤੰਬਰ ਨੂੰ ਹੋਣ ਵਾਲੇ ਸੈਸ਼ਨ ਦਾ ਵੇਰਵਾ ਮੰਗਿਆ ਤਾਂ ਸਰਕਾਰ ਦੀ ਨਰਾਜ਼ਗੀ ਵਧ ਗਈ। ‘ਆਪ’ ਨੇ ਰਾਜਪਾਲ ਵੱਲੋਂ ਪ੍ਰਸਤਾਵਿਤ ਵਿਧਾਨ ਸਭਾ ਸੈਸ਼ਨ ਦੌਰਾਨ ਹੋਣ ਵਾਲੇ ਵਿਧਾਨਕ ਕੰਮਾਂ ਦੇ ਵੇਰਵੇ ਮੰਗਣ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਰਾਜਪਾਲ ਦਫ਼ਤਰ ਪੰਜਾਬ ਸਰਕਾਰ ਦੇ ਕੰਮ ਵਿੱਚ ਲਗਾਤਾਰ ਦਖ਼ਲਅੰਦਾਜ਼ੀ ਕਰ ਰਿਹਾ ਹੈ ਅਤੇ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਖੁੱਲ੍ਹ ਕੇ ਕੰਮ ਕਰਨ ਤੋਂ ਰੋਕ ਰਿਹਾ ਹੈ।