ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕ੍ਰੇਮੇਨਚੁਕ ਸ਼ਹਿਰ ਦੇ ਕੇਂਦਰੀ ਖੇਤਰ ਵਿੱਚ ਇੱਕ ਸ਼ਾਪਿੰਗ ਮਾਲ ‘ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਇਸਨੂੰ “ਯੂਰਪੀਅਨ ਇਤਿਹਾਸ ਵਿੱਚ ਸਭ ਤੋਂ ਵਹਿਸ਼ੀ ਅੱਤਵਾਦੀ ਕਾਰਵਾਈ” ਕਿਹਾ ਹੈ। …ਦਰਅਸਲ, ਕ੍ਰੇਮੇਨਚੁਕ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ‘ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ। ਇਸ ‘ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 59 ਲੋਕ ਜ਼ਖਮੀ ਹੋਏ ਹਨ।
ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਰਾਸ਼ਟਰਪਤੀ ਮੁਤਾਬਕ ਜਦੋਂ ਮਿਜ਼ਾਈਲ ਦਾਗੀ ਤਾਂ ਐਮਸਟੋਰ ਮਾਲ ਦੇ ਅੰਦਰ ਕਰੀਬ 1000 ਲੋਕ ਮੌਜੂਦ ਸਨ। ਹਮਲੇ ਨੇ ਸ਼ਾਪਿੰਗ ਮਾਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਜ਼ੇਲੇਨਸਕੀ ਨੇ ਕਿਹਾ ਕਿ ਮਾਲ ਦਾ ਕੋਈ ਰਣਨੀਤਕ ਮੁੱਲ ਨਹੀਂ ਹੈ। ਰੂਸੀ ਫੌਜ ਨੂੰ ਕੋਈ ਖਤਰਾ ਨਹੀਂ ਸੀ।
ਉਸ ਨੇ ਰੂਸ ‘ਤੇ ਲੋਕਾਂ ਦੀ ਆਮ ਜ਼ਿੰਦਗੀ ਜਿਊਣ ਦੀਆਂ ਕੋਸ਼ਿਸ਼ਾਂ ‘ਚ ਰੁਕਾਵਟ ਪਾਉਣ ਦਾ ਦੋਸ਼ ਲਾਇਆ। ਸਰਕਾਰੀ ਵਕੀਲ ਦੇ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ ਹਮਲੇ ‘ਚ 59 ਲੋਕ ਜ਼ਖਮੀ ਵੀ ਹੋਏ ਹਨ, ਜਦਕਿ 40 ਹੋਰ ਲਾਪਤਾ ਹਨ। ਦਫਤਰ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਯੂਕ੍ਰੇਨਸਕਾ ਪ੍ਰਵਦਾ ਨੇ ਕਿਹਾ ਕਿ ਜ਼ਖਮੀਆਂ ਵਿਚੋਂ ਅੱਧੇ ਦੀ ਹਾਲਤ ਗੰਭੀਰ ਹੈ।